Wednesday, March 19, 2008

ਕਨੇਡਾ ਦੀ ਧਰਤੀ ਦੀ ਵੇਦਨਾਂ

ਕਨੇਡਾ ਦੀ ਧਰਤੀ ਦੀ ਵੇਦਨਾਂ
ਤੇ ਸੰਤਾਂ* ਦਾ ਕਦਮ।

ਡੂੰਘੀ ਪਰਤ ਬਰਫ਼ ਨੇ ਓੜੀ
ਦਿਸੇ ਨਾਂ ਕੋਈ ਨਿਸ਼ਾਂ,
ਆਦਿ-ਜੁਗਾਦ ਤੋਂ ਭਈ ਪਰਦੇਸਣ
ਪਾਏ ਨਾਂ ਚਰਨ ਗ਼ਰਾਂ॥

ਵਣ-ਤ੍ਰਿਣ ਮਉਲਿਆ, ਪੋਣਾਂ ਮਹਿਕਣ
ਡੂੰਘੀ ਸੁੰਨ ਸਰਾਂ,
ਚਰਨ ਕਮਲ ਲਈ ਅੱਖੀਆਂ ਤਰਸਣ
ਦਰਸ-ਪਰਸ ਲਈ ਜਾਂ॥

ਸੁਰਤ ਮੇਰੀ ਪਰਵਾਜ਼ ਕਰੇਂਦੀ
ਪਹੁਚੇ ਸੁਰਗ ਦੀ ਥਾਂ,
ਸੱਚਖੰਡ ਤੋ ਦੂਰ ਨੇ ਪੈਂਡੇ
ਜਿੱਥੇ ਵਰਸੇ ਮੇਘ ਘਨਾਂ॥

ਜਲ-ਥਲ ਮੇਰਾ ਠਾਠਾਂ ਮਾਰੇ
ਰੂਪ ਅਨੰਤ ਜਵਾਂ,
ਕਾਲ ਦੀ ਦੀਰਘ ਸਰਦਲ
ਪੈਰ ਪਾਏ ਨਾਂ ਸੰਤ ਜਨਾਂ॥

ਬੁੱਲਾ ਕੋਈ ਪੱਛੋਂ ਦਾ ਆਇਆ
ਤੈਰ ਕੇ ਅਕਲ ਝਨਾਂ,
ਸੇਜਲ ਮਨ ਦੀ ਪੀੜ ਡੁੰਘੇਰੀ
ਅੰਦਰ ਟਿਕਿਆ ਨਾਂ॥

ਠੰਡਕ ਚਰਨ ਥਲਾਂ ਨੂੰ ਪਾਈ
ਫੜੀ ਲੋਕਾਈ ਬਾਂਹ,+
ਦੂਰ-ਦੁਰੇਡੇ ਪਰਬਤਾਂ ਬਖਸ਼ੀ
ੱਚੜੀ-ਸੁੱਚੜੀ ਥਾਂ॥

ਅੰਮ੍ਰਿਤ ਦੇਸ ਤੋਂ ਵਾਸੀ ਆਇਆ
ਹਿਰਦੇ ਸਹਿਜ ਸਮਾਂ,
ਝਿਮ-ਝਿਮ ਵਰਸੇ ਨਾਂਮ ਗੁਰੂ ਦਾ
ਜਪੁਜੀ ਜਪੇ ਜੁ਼ਬਾਂ॥*

ਸਾਫ-ਸ਼ਫਾਕ ਝੀਲਾਂ ਦੇ ਕੰਢੇ
ਪਾਵਨ ਸ਼ਬਦ ਸੁਣਾਂ,
ਨਿਰਮਲ ਸ਼ਬਦ ਦੀ ਅੰਮ੍ਰਿਤਧਾਰਾ
ਹਿਰਦੇ ਲਵਾਂ ਸਮਾ॥

ਝੂਲਣ ਪਾਕ ਨਿਸ਼ਾਨ ਜਿ਼ਮੀ ਤੇ
ਭਈ ਸੁਹਾਵੀ ਥਾਂ,
ਗੁਜ਼ਰੀ ਸੀਤ ਤੇ ਫ਼ਸਲਾਂ ਹੁੱਲਣ
ਨਜ਼ਰ ਹੋਈ ਮਿਹਰਬਾਂ॥

*1900 ਦੇ ਪਹਿਲੇ ਵਰਿਆਂ ਦੋਰਾਨ ਸੰਤ ਤੇਜਾ ਸਿੰਘ ਜੀ (ਗੁ. ਰਾੜਾ ਸਾਹਿਬ) ਦੀ ਕਨੇਡਾ ਆਮਦ ਦੇ ਸੰਦਰਬ ‘ਚ।
+ ਗੁਰੁ ਨਾਨਕ ਸਾਹਿਬ ਜੀ ਦੀ ਬਗ਼ਦਾਦ ਫੇਰੀ ਦੀ ਪ੍ਰਤੀਕਮਈ ਵਰਤੋਂ।
ਬਲਬੀਰ ਸਿੰਘ ਅਟਵਾਲ
19 ਮਾਰਚ 08

No comments: