Saturday, September 13, 2008

NAAD, PARGAAS & CREATIVE IMMAGINATION

ਪ੍ਰਗਾਸ

ਉੱਚ ਗੂੰਜੇ ਦਰਿਆ, ਉਤਰ ਪਹਾੜ ਤੋਂ
ਜਿਉਂ ਪੈਰ ਬੱਦਲ ਧਰਿਆ, ਗਗਨ ਦੀ ਹਿੱਕ ਤੇ।
ਛੱਲਾਂ ਦੇ ਧੁਰ ਨੱਭ, ਜ਼ੋਰ ਅਥਾਹ ਕੋਈ।
ਤਹਿਸ-ਨਹਿਸ ਕਰੇ ਸਭ, ਉਤਰੇ ਜਦੋਂ ਮੈਦਾਂ।
ਤੱਕਕੇ ਜੋਸ਼ ਅਥਾਹ, ਸਾਗਰ ਮਿਲਣੇ ਦਾ
ਢੂੰਡਣ ਮਿਲਣ ਦਾ ਰਾਹ, ਝਰਨੇਂ ਨਿੱਕੜੇ।
ਪੁੱਜੇ ਸਾਗਰ ਤੀਕ, ਸਫਰ ਕੋ ਸੂ਼ਕ ਦਾ
ਗੜ੍ਹ-ਗੜ੍ਹ ਕਰਦੀ ਲੀਕ, ਡਿੱਗੇ ਮਹਾਂ ਸੁੰਨ।

ਸਾਗਰ ਸੁੰਨ ਅਪਾਰ, ਦਰਿਆ ਡਿੱਗਦੇ।
ਸੁੰਨ ਦਾ ਮਹਾਂ ਪਸਾਰ, ਧੁਰ ਸਹਿਜ ਗਾਂਵਦਾ।
ਤ੍ਰਿਭਵਣ ਸੁੰਨ ਸੁ਼ਮਾਰ, ਹਰ ਥਾਂ ਵੱਸਦੀ।
ਚਉਥੇ ਸੁੰਨ ਦੁਆਰ, ਅੰਤਿਮ ਘਰ ਹੋਇ।

ਲੱਖਾਂ ਦਰਿਆ ਘੋਰ, ਹੇਠ ਸੁੰਨ ਚੁੱਪ ਨੇ।
ਰਮਿਆ ਉਨ ਕਾ ਸ਼ੋਰ, ਹੋ ਖਾਮੋਸ਼ ਸੁੰਨ।
ਉੰਝ ਸਾਗਰ ਛੱਲ ਦੀ ਤੋਰ, ਬੇਅੰਤ ਅਥਾਹ ਕੋ।
ਧਰਤ ਨਾਂ ਸਹਿੰਦੀ ਜ਼ੋਰ, ਜਦ ਇਹ ਉੱਠਦੀ।
ਬਦਲੇ ਧਰ ਦਾ ਰੂਪ, ਸਾਗਰ ਛੱਲ ਇੱਕ।
ਸਹਿਜ ਅਨੰਦ ਅਨੂਪ, ਰਮਿਆ ਬੂੰਦ-ਬੂੰਦ।

ਤੱਕ ਮਹਾਂ ਸਾਗਰੀ ਛੱਲਾਂ, ਧਰਤੀ ਕੰਬਦੀ।
ਕੋਟਾਂ ਨਿੱਕੀਆਂ ਗੱਲਾਂ, ਦਰਿਆ ਵੱਗਦੇ।
ਕਦਮ ਸੁਮੰਦ, ਥਲਾਂ – ਟੁੱਟਣ ਘੋਰ ਗੜ੍ਹ।
ਰਬਾਬ, ਸੁਆਂਤ, ਜਲਾਂ, ਤਰ ਬਗਦਾਦ ਹੋ।
ਸੁਆਂਤ, ਸੁਮੰਦ, ਅਥਾਹ, ਗੁਰ ਪਰਮੇਸਰਹੁ।
ਜੀਵਨ ਚਰਨ ਘੁਮਾਹ, ਘੁੰਮੀ ਬੰਦਗੀ।
ਸਹਿਜ ਸਬਦ ਪ੍ਰਵਾਹ, ਗੰਗਾ ਵਗਦੀ।
ਸ੍ਰੀ ਰਾਗ- ਜ਼ਮਜ਼ਮਾ, ਸੁੱਕੇ ਨਾਂ ਕਦੇ।

ਸਹਿਜ ਸ਼ਬਦ ਹੈ ਸੱਚ, ਅੰਤਿਮ ਬ੍ਰਹਿਮੰਡਾਂ।
ਸ੍ਰੀ ਗ੍ਰੰਥ ‘ਚ ਰਚ, ਗਿਆ ਹੋ ਰਾਗਮਈ।
ਧੁਰ ਕੀ ਬਾਂਣੀ ਆਈ, ਗੁਰੂ ਦੀ ਦੇਹ ਤੇ।
ਗੁਰ ਨਿਰੰਕਾਰ ਨੇ ਗਾਈ, ਕਥਾ, ਅਕੱਥ ਕੀ।
ਧਰਤੀ ਦੀ ਜੜ੍ਹ ਲਾਈ, ਸੱਚੇ ਭਗਤ ਜਨਾਂ।
ਗੁਰਮੁਖ ਝੋਲੀ ਪਾਈ, ਉੱਚੀ ਚਰਣ ਧੂਲ।

ਦੇਹ ਦਾ ਕੁੱਲ ਪਸਾਰ, ਸਿਮਟਿਆ ਗੁਰੂ ਚਰਣ।
ਨਾਦ ਦਾ ਨੇਮ ਅਪਾਰ, ਗਾਏ ਗੁਰੂ ਨੂੰ।
ਨਾਨਕ ਪਰਮ ਪੁਰਖ, ਤੇ ਪੁਰਾਤਨਹੁ
ਪ੍ਰੀਤ ਰੱਬਾਨੀ ਸੁਰਖ, ਸਰੂਪ ਗੁਰ ਆਖਿਰੀ।

ਆਦਿ ਪਰਿਮਾਤਮ ਆਇਆ, ਨਾਨਕ ਜੋਤ ਹੋ।
ਵਾਹਿਗੁਰੂ ਮੰਤ੍ਰ ਦ੍ਰਿੜਾਇਆ, ਨਾਦ ਤੋਂ ਪਾਰ ਹੋ।
ਧਵਨੀ ਨਾਦ ਸਮਾਇਆ, ਭਗਾਉਤ – ਵਰਣਮਾਲਾ।
ਨਾਦ ਨੇਮ ਗੁੰਜਾਇਆ, ਧਵਨੀ ਦੇਵਨਾਗਰੀ।
ਗੁਰੂ ਅੱਖਰ ਪ੍ਰਗਟਾਇਆ, ਪਾਰ ਨਾਦ ਨੇਮ।
ਗੁਰਮੁੱਖੀ ਜਨਮ ਪਾਇਆ, ਧਵਨੀਆਂ ਟੁੱਟੀਆਂ।
ਯੁੱਗਾਂ ਨੇ ਨਾਨਕ ਗਾਇਆ, ਧਨ ਇਹ ਕਲਯੁਗਾ।
ਬੇਅੰਤ ਪੂਰਾ ਪਾਇਆ, ਵਸੇ ਵਡਭਾਗੜਾ।
ਨਾਦ ਵੀ ਧੰਧੇ ਲਾਇਆ, ਚਰਨੀ ਸ਼ਬਦ ਦੇ।

ਧੁਰ ਹਿਰਦੇ ਸਿੱਖ ਗਾਂਵਦਾ, “ਜਿ਼ ਪੈਸ਼ੀਨੀਆਂ
ਪੇਸ਼ਤਰ ਆਮਦਾ”*, ਨਾਹਰਾ ਏ ਨੰਦ ਲਾਲ।
ਜੋ ਵਗੇ ਵਿੱਚ ਮਰਿਯਾਦਾ, ਦਰਿਆਏ ਰੋਸ਼ਨੀ।
ਪਹੰਚੇ ਘਰ ਫਰਿਆਦਾ, ਕਾਵਿ ਰੰਗ ਛਲਕਦਾ।
ਚਮਕੇ ਸ਼ਬਦ ਪ੍ਰੀਤ, ਸਿਰਜਣਾਂ ਪਾਰ ਤੋਂ।
ਰੋਸ਼ਨ ਤੋਰੀ ਰੀਤ, ਉੱਚੈ ਗੁਰਮੁਖਾਂ।
ਨਿਰਮਲ ਧਰ ਦਾ ਗੀਤ, ਸਮਾਏ ਆਂਣ ਸ਼ਬਦ।
ਗੁਰਸਿੱਖਾਂ ਕੀ ਜੀਤ, ਗੁਰਦਾਸ ਜੀ, ਨੰਦ ਲਾਲ।
ਜਿ਼ੰਦਗੀਨਾਮਹਿ ਪਾਇਆ, ਰੋਸ਼ਨ ਰੰਗ ਗਜ਼ਲ।
ਬਖਸਿ਼ਸ਼ ਰੰਗ ਚੜਾਇਆ, ਜੋਤਾਂ ਵਿਗਸੀਆਂ।
ਨਾਨਕ ਨਾਮ ਧਿਆਇਆ, ਕੰਚਨ ਦੇਹੀਆਂ।
ਅਮ੍ਰਿਤ ਮਹਾਂਰਸ ਪਾਇਆ, ਸੱਚੇ ਸੰਤ ਜਨਾਂ।
ਰਹੇ ਮਨ ਸੀਤਲਾਇਆ, ਦੇਹੀ ਕਲਪ ਹੋ।
ਆਪੇ ਨਾਮ ਜਪਾਇਆ, ਮਾਹੀ ਰੰਗੁਲੇ।
ਨਾਨਕ ਜੋਤ ਦਾ ਸਾਇਆ, ਬ੍ਰਹਿਮੰਡ ਨਿਰਮਲਾ।
ਬਖਸਿ਼ਸ਼ ਕਰੀਂ ਖੁਦਾਇਆ, ਨੀਚ ਹਉਂ ਤੈਡੜਾ।

* * * * * * * * * *
ਨਾਦ

ਜੰਗਲ ਅੱਤ ਘਣਾਂ, ਘੁੱਗ ਪਿਆ ਵੱਸਦਾ।
ਉੱਚੜਾ ਕਦੰਬ ਤਣਾਂ, ਭੇਤ ਖੋਲ ਦੱਸਦਾ।
ਗੂੰਜੇ ਬੰਸਰੀ ਬਣਾਂ, ਕੋ ਛਲੀਆ ਹੱਸਦਾ।
ਪ੍ਰੀਤਮ ਨਾਗ ਫਣਾਂ, ਨਾਗਣਾਂ ਡੱਸਦਾ।

ਸੰਘਣੇਂ ਜੰਗਲੀ ਪਾਇਆ, ਝਰਨਿਆਂ ਸ਼ੋਰ ਹੋ।
ਕਣ-ਕਣ ਨਾਦ ਸਮਾਇਆ, ਕੂਕਣ ਮੋਰ ਹੋ।
ਕੁੰਚਰ ਸ਼ੰਖ ਗੁੰਜਾਇਆ, ਜੋ ਹੋਵੇ ਭੋਰ ਹੋ।
ਚਿਹਰਾ ਚੰਨ ਛੁਪਾਇਆ, ਵਾਲ ਘਣਘੋਰ ਹੋ।
ਖੱਬੇ ਹੱਥ ਸਜਾਇਆ, ਵਜਦ ਦਾ ਜ਼ੋਰ ਹੋ।
ਉਤਰ ਧਰਤ ਤੇ ਆਇਆ, ਦੇਹੀ ਦੀ ਤੋਰ ਹੋ।
ਦੇਹੀ ਆਂਣ ਫੈਲਾਇਆ, ਨਾਦ ਦਾ ਸ਼ੋਰ ਹੋ।

ਗੂੰਜਣ ਰਣ ਮੈਦਾਨ, ਸਰ-ਸਰ ਤੀਰ ਹੋ।
ਖੁੱਲਣ ਜਟਾਂ ਮਹਾਨ, ਕੋ ਵੱਡ ਸਰੀਰ ਹੋ।
ਝੁੱਲਣ ਧਰਤ ਤੁਫਾਂਨ, ਨੱਚੇ ਜਦ ਵੀਰ ਹੋ।
ਪ੍ਰਚੰਡ ਪੈਰ ਰਕਾਂਨ, ਹਿੱਕ ਫਕੀਰ ਹੋ।
ਕੰਚਨ ਮ੍ਰਿਗ ਚੁਰਾਂਨ, ਦੇਵ-ਜ਼ਮੀਰ ਹੋ।
ਤਵਾਜ਼ੁਨ ਹਿੱਲੇ ਆਂਣ, ਕੋਲ ਅਖੀਰ ਹੋ।

ਕਿਵੇ ਰਹੇ ਅਡੋਲ, ਫਕੀਰ ਦੀ ਬੰਦਗੀ?
ਭਿੱਜਣ ਚੰਚਲ ਬੋਲ, ਕਿੰਝ ਬਖਸ਼ੰਦਗੀ?

ਜਾਪ ਸਾਹਿਬ ਵਿੱਚ ਲੀਨ, ਭੇਤ ਕੋ ਨਾਦ ਦਾ।
ਪ੍ਰਗਟਿਆ ਸ਼ਬਦ ਪ੍ਰਬੀਨ, ਦੇਹੀ ਦੀ ਯਾਦ ਦਾ।
ਮਰਕਜ਼ ਦੇਹੀ-ਪ੍ਰਾਚੀਨ, ਓੜਿਆ ਸ਼ਬਦ ਪ੍ਰਭਾਤ।
ਨਾਦ ਖਾਮੋਸ਼ ਜ਼ਮੀਨ, ਗੂੰਜੇ ਵਿੱਚ ਕਾਇਨਾਤ।

ਜਾਪ ਸਾਹਿਬ, ਮਹੀਨ ਨਾਦ ਸਮਾਂਵਦਾ।
ਸ਼ਬਦ ਦੇ ਚੋਲੇ ਲੀਨ ਅਕਾਲ, ਨਾਦ ਗਾਂਵਦਾ।

ਜਾਪੁ ਦੇਹੀ ਦਾ ਸ਼ਬਦ, ਨਾਦ ਨਤਮਸਤਕਾ।
ਢੁੱਕੇ ਰਹੱਸ ਵਜਦ, ਪ੍ਰੇਮ ਬੁਤਪ੍ਰਸਤ ਕਾ।

ਧਂਨ ਗੁਰੂ ਗੋਬਿੰਦ, ਸ੍ਰੀ ਕਲਗੀਧਰਾ।
ਚਰਨਂ ਪਰੂੰ ਬਖਸਿ਼ਦ, ਸੁਵਾਮੀ ਜਗ ਹਰਾ।

* * * * * * *

ਕਾਲਪਨਿਕ ਸਿਰਜਣਾਂਤਮਿਕਤਾ

ਸੰਗਤ ਜੁੜੀ ਸੁਹਾਗਣਾਂ, ਹੱਥੀਂ ਸੂਹੇ ਚੂੜੇ।
ਸੋਰਠ ਤਾਂਮ ਵਿਹਾਜਣਾਂ, ਕੇਸ ਗੁੰਦੇ ਜੂੜੇ।
ਪੱਲਾ ਸਿਰ ਵਡਭਾਗਣਾਂ, ਮਜੀਠ ਰੰਗ ਗੂੜੇ।
ਮਾਨਣ ਰਸ ਵੈਰਾਗਣਾਂ, ਮੱਥੇ ਚਰਨ-ਧੂੜੇ।
ਸਿਮਰਤ ਮਾਹੀ ਜਾਗਣਾਂ, ਦਰਸ ਨੀਦ ਪੰਘੂੜੇ।
ਦੂਜਾ ਭਾਉ ਤਿਆਗਣਾਂ, ਕੰਤ ਸਰਣ ਪੂਰੇ।

ਚੰਚਲ ਕੋਈ ਕੁਆਰੀ, ਵੰਗਾਂ ਛਣਕਾਂਵਦੀ।
ਨਾਜ਼ਾਂ ਭਰੀ ਪਟਾਰੀ, ਗੀਤ ਕੋ ਗਾਂਵਦੀ।
ਮੱਥੇ ਜੁ਼ਲਫ ਖਿਲਾਰੀ, ਉਡ-ਉਡ ਜਾਂਵਦੀ।
ਛਮ-ਛਮ ਚੜੀ ਖੁਮਾਰੀ, ਅੰਦਰ ਆਂਵਦੀ।

ਰੱਜ-ਰੱਜ ਨਾਜ਼ ਦਿਖਾਵੇ, ਨੂਰ ਦੇ ਝੁੰਡ ਨੂੰ।
ਆਦਰ ਕਰ ਮੁਸਕਾਵੇ, ਖਿੱਚ ਕੁਝ ਘੁੰਡ ਨੂੰ।

ਸੋਚੇ, ਕਰਾਂ ਤਬਾਹ, ਚਾਂਨਣ ਸ੍ਰੋਤ ਨੂੰ।
ਕਿੰਝ ਜਿੱਤੇ ਨੂਰ ਸ਼ਾਹ, ਨਾਨਕ ਜੋਤ ਨੂੰ।

ਲੱਖਾਂ ਸਾਗਰ ਸਾਂਤ, ਹਿਰਦੇ ਸੁਹਾਗਣਾਂ।
ਬੂਂਦ ਸਹਿਜ ਸੁਆਂਤ, ਬਦਲਣ ਵਡਭਾਗਣਾਂ।

ਜ਼ੁਲਫ-ਅਜ਼ਾਦ ਜਮਾਤ, ਕੰਘੇ ਜ਼ਬਤ ਬਿਨਾਂ।
ਰੁਲੇ ਵਿੱਚ ਇਕਾਤ, ਕਦੇ ਵੀ ਸਵਰੇ ਨਾਂ।
ਚੰਚਲ ਭਾਵ; “ਦੁਖਾਂਤ”, ਢਲੇ ਜਦ ਸਿਰਜਣਾਂ।
ਨਿਰਾ ਕਲਪਨਾਂ-ਰਾਗ, ਹੁਦਰਾ ਜ਼ਬਤ ਬਿਨਾਂ।
ਉੱਚੜੇ ਸਿਰਜਣਾਂ ਭਾਗ, ਰੁਲਸਣ ਸਹਿਜ ਬਿਨਾਂ।
ਸੰਘਣੇ ਕਲਪਨਾਂ ਬਾਗ, ਸਹਿਜ ਬਿਨ ਭਏ ਫਨਾਂ।
ਬੰਧਨ ਲੱਗੇ ਸੁਹਾਗ, ਕਾਲਪਨਿਕ ਭੇਸ ਜਿਨਾਂ।
ਛੁਪੇ ਵਿਸ਼ੈਲੇ ਨਾਗ, ਚੜੀ ਜੋ ਲਹਿਰ ਝਨਾਂ।

ਧਰਤ ਤੇ ਪਲਦੀ ਦੇਹ, ਸਿਰਜਣਾਂ ਰੂਪ ਹੈ।
ਰੋਗ ਅੰਦਰ ਦਾ ਏਹ, ਜੇ ਸੁਰਤ ਕਰੂਪ ਹੈ।

ਸਿਰਜਣਾਂ ਲਿਆ ਜਦ ਮੰਨ, ਆਖਿਰੀ ਖੁਦ ਨੂੰ।
ਗੁਰੂ ਲੱਗੇ ਬੰਧਨ, ਤੁੱਛ ਦੀ ਬੁੱਧ ਨੂੰ।

ਇੰਝ ਸੁੱਟੇ ਦੇਹੀ ਨੇਮ, ਗੁਰੂ ਦੀ ਜੋਤ ਤੇ।
ਤੋਲੇ ਅਕਾਲ-ਪ੍ਰੇਮ, ਇਤਹਾਸ ਖੜੋਤ ਤੇ।

ਜੋ ਖਿੱਚਣ ਵੱਲ ਇਤਹਾਸ, ਪੰਥ ਤੇ ਭਾਰ ਨੇ।
ਰਚਣ ਸਮੇ ਦੀ ਰਾਸ, ਤੇ ਗੁਨਾਹਗਾਰ ਨੇ।

ਇੰਝ ਹੌਲ ਪੈਣ ਦੇ ਭਰਮ, ਕਲਪਨਾਂ ਸਿਰਜਦੀ।
ਗੁਰੂ ਜੋਤ ਤੇ ਧਰਮ, ਅੱਡ ਕਰ ਵਿਰਦ ਦੀ।

ਵਿਉਂਤ ਡਾਢੀ ਘਣੀ, ਕਲਪਨਾਂ ਸੁਰਤ ਬੁਣੇਂ।
ਜਿੱਤ ਨਾਂ ਇਹ ਸਕਣੀ, ਕਾਲ ਇਹ ਬੋਲ ਸੁਣੇਂ।

“ਅੰਤ ਛੁਰੇ ਦਾ ਵਾਰ, ਹੋ ਇਸ ਪੁੱਗਣਾਂ।
ਪਾਏ ਲੇਖ ਖੁਆਰ, ਸਹਿਜ ਬਿਨ ਸਿਰਜਣਾਂ।
ਗੁਰੂ ਖੜਗ ਦਾ ਵਾਰ, ਇੱਕੋ ਲਿਸਕਣਾਂ।
ਗੁਲ ਸੁਰਤ ਨੇ ਯਾਰ, ਹੋਣਾਂ ਅੰਤ ਫਨਾਂ॥”

ਇੱਕ ਲੰਬੀ ਕਵਿਤਾ ‘ਚੋਂ……