Sunday, September 30, 2007

“ਗੁਰਸਿੱਖ ਪਿਆਰੇ ਦੇ ਨਾਂ *”

“ਗੁਰਸਿੱਖ ਪਿਆਰੇ ਦੇ ਨਾਂ *”

ਬਾਗਾਂ ਦਾ ਕੋ ਯਾਰ ਵੰਝੀਦਾ
ਵਾਟ ਇਸ਼ਕ ਦੀ ਜਾਂਣੇਂ
ਤਪਦੇ ਥ਼ਲ ਦੀਆਂ ਕੋ ਕੁਰਲਾਹਟਾਂ
ਥ਼ਲ ਦੀ ਰਮਜ਼ ਪਛਾਂਣੇ ।।

ਖ਼ਦਰਾਣੇਂ ਦੀ ਢਾਬ ਦੇ ਉੱਤੇ
ਨੂਰ ਦਾ ਚਾਂਨਣ ਵੱਸੇ
ਵਿਰਲੀ ਸੁਰਤ ਗੁਰੁ ਬਖ਼ਸਿ਼ਸ਼ ਦੇ
ਡੂੰਘੇ ਰਾਜ਼ ਪਛਾਂਣੇ ।।

ਨੈਣਾਂ ਦੇ ਵਿੱਚ ਨੀਰ ਕੌਮ ਦਾ
ਮਸਤਕ ਸੋਚ ਡੂਘੇਂਰੀ
ਬਣ ਬਣ ਜਾਂਦੇ ਰਾਹੀ ਮੋੜੇਂ
ਗਰੁ ਬਖਸ਼ ਦੇ ਬਾਂਣੇਂ ।।

ਸਬਰ ਕੋ ਤੇਰਾ ਸਮੇਂ ਤੋ ਲੰਮਾਂ
ਸਾਂਝ ਜਿਸਮ ਤੋ ਅੱਗੇ
ਓੜਕ ਨਿਭਦਾ ਨਾਲ ਸੱਜਣ ਦੇ
ਨਿਭਦੇ ਨਾਂ ਜਰਵਾਂਣੇਂ ।।

ਸਿਰਜਣਾਂ ਤੋ ਪਾਰ ਮੰਡਲ ਤੱਕ
ਸੁਰਤ ਤੇਰੀ ਦੇ ਫੇਰੇ
ਸ਼ੰਕੇ ਕਾਲ ਦੇ ਦੂਰ ਕਰੇਂਦਾ
ਦੈਵੀ ਬੋਲ ਨੂੰ ਜਾਂਣੇ ।।

ਅਨੁਭਵ ਉੱਚਾ, ਜੀਵਨ ਉੱਚਾ
ਦੇਂਦਾ ਨਾਦ ਹੁਲਾਰੇ
ਸੋਦਰ ਦੀ ਲੋਅ ਵਿੱਚ ਜਗਦਾ
ਪਰਤ ਹਨੇਰੀ ਛਾਂਣੇਂ ।।
ਬਲਬੀਰ ਸਿੰਘ ਅਟਵਾਲ

* ਪ੍ਰੋ. ਜਗਦੀਸ਼ ਸਿੰਘ ( ਸ੍ਰੀ ਅਮ੍ਰਿਤਸਰ ) ਦੇ ਸੰਦਰਭ ‘ਚ

“ਚੁੱਪ”

“ਚੁੱਪ”

ਉਦਾਸ ਦਿਲ ਹੈ, ਜਹਾਂ ਚੁੱਪ ਤੇ ਸੜਕ ਸ਼ਾਂਤ
ਜਿਂ਼ਦਗੀ ਦਾ ਇਹ ਕਿਹੜਾ ਮੁਕਾਂਮ ਹੈ।
ਜਿੱਥੇ ਦੂਰ ਤੱਕ ਖਾਮੋਸ਼ੀ ਹੈ ਪਸਰੀ ਹੋਈ
ਦਿਸਹਿੱਦਿਆਂ ਤੱਕ ਵਿਰਾਂਨ ਚੁੱਪ ਦਾ ਰਾਜ ਹੈ
ਕੋਈ ਅੰਦਰਲੀ ਚੁੱਪ ਹੈ ਬਾਹਰ ਦਿਸ ਰਹੀ ?

ਇਹ ਕਿਹੜਾ ਮੁਕਾਂਮ ਦਸਤਕ ਹੈ ਦੇ ਰਿਹਾ
ਦਸਤਕ ਹੈ ਦੇ ਰਿਹਾ ਪਰ ਚੁੱਪ – ਚਾਪ
ਲਬਾਂ ਦੀ ਦਹਿਲੀਜ਼ ਸ਼ਾਤ ਹੈ
ਦਿਲ ਦੀ ਧਕ – ਧਕ ਹੈ ਸਾਂਤ ਜਹੀ
ਅੰਦਰ ਤੱਕ ਚੁੱਪ ਹੈ – ਬਸ ਚੁੱਪ ਹੈ
ਇਹ ਕਿਹੜਾ ਮੁਕਾਂਮ ਹੈ
ਕੋਈ ਦੱਸੇ ਇਸ ਮੰਜਿ਼ਲ ਦਾ ਨਾਂ
ਕੋਈ ਹੱਥ ਫੜੇ ਮੇਰਾ
ਕੋਈ ਪੱਲਾ ਫੜਾਵੇ
ਤੇ ਮੈਨੂੰ ਇਸ ਚੁੱਪ ਦੇ ਦਿਸਹਿੱਦੇ ਤੋ
ਰਾਤ ਦੇ ਹਨੇਰੇ ਤੋਂ
ਪਰਲੇ ਬੰਨੇ
ਖੁਸ਼ੀਆਂ ਦੇ ਦੇਸ, ਰੋਸ਼ਨੀਆਂ ਦੇ ਦੇਸ
ਛੱਡ ਦੇਵੇ।
ਕੋਈ ਹੱਥ ਫੜੇ ਮੇਰਾ
ਮੇਰਾ ਤਰਲਾ ਪਸਰ ਰਿਹਾ ਚੁੱਪ – ਚਾਪ
ਮੇਰੀ ਉਡੀਕ ਚੁੱਪ – ਚਾਪ ਉਡੀਕਦੀ
ਕੋਈ ਹੁਣੇ ਸਾਂਭੇ ਮੈਨੂੰ
ਕਿਤੇ ਚੁੱਪ ਦੇ ਦੇਸ ਮੈਨੂੰ ਸੁੱਟ ਹੀ ਨਾਂ ਦੇਂਣ
ਗਿਆਨ ਦੀ ਨੀਰਸਤਾ ‘ਚ
ਜਿੱਥੇ ਦੂਰ ਤੱਕ ਕੁੱਝ ਵੀ ਨਹੀ
ਦਿਸਹਿੱਦਾ ਵੀ ਨਹੀ
ਜਿੱਥੇ ਨਜ਼ਰ ਕਿਤੇ ਨਹੀ ਜਾਂਦੀ
ਮੈਂ ਅੱਕ ਰਿਹਾਂ ਹਾ
ਚੱਪ ਘਰ ਕਰ ਰਹੀ ਮੇਰੇ ‘ਚ
ਮੇਰੇ ਲਬ ਸ਼ਾਤ ਨੇਂ
ਮਨ ਦੀ ਭਟਕਣ ਹੈ ਸ਼ਾਂਤ ਜਹੀ
ਇਕ ਤਰਲਾ ਸ਼ਾਂਤ ਜਿਹਾਦਮ ਤੋੜ ਰਿਹਾ ਚੁੱਪ – ਚਾਪ
“ਕੋਈ ਹੱਥ ਫੜੇ ਮੇਰਾ”
ਸਾਰਾ ਜਹਾਨ ਚੁੱਪ ਹੈ
ਚੁੱਪ ਹੀ ਗੂਂਜ ਰਹੀ ਦੂਰ – ਦੂਰ ਰੋਹੀਆਂ ‘ਚ
ਬਜ਼ਾਰਾਂ ‘ਚ ਚੁੱਪ ਦਾ ਸ਼ੋਰ ਹੈ
ਗਲੀਆਂ ਚੁੱਪ ਹਨ, ਚੁੱਪ ਦਾ ਨਾਚ ਹੈ
ਅਸਮਾਨ ਚੁੱਪ ਹੈ ਤਾਰੇ ਚੁੱਪ ਨੇ
ਬੇਲਿਆਂ ‘ਚ ਪਸ਼ੂ ਨੇ ਚੁੱਪ ਚਾਪ ਦੇਖ ਰਹੇ
ਹੀਰਾਂ ਚੁੱਪ ਨੇ ਸੱਸੀਆਂ ਚੁੱਪ ਨੇ
ਚੁੱਪ ਦਾ ਜਿੰਦਰਾ ਹੈ ਹਰ ਇਮਾਰਤ ਤੇ
ਲੋਕਾਂ ਦੀਆਂ ਅੱਖਾਂ ਚੁੱਪ ਹਨ
ਮੇਰੇ ਸ਼ੀਸ਼ੇ ‘ਚੋ ਚੁੱਪ ਝਾਕਦੀ ਹੈ
ਸੁਪਨਾਂ ਚੁੱਪ ਹੈ
ਜਿ਼ਦਗੀ ਚੁੱਪ ਹੈ
ਬਸ ਚੁੱਪ ਹੈ
ਮੇਰੀ ਵਰਿਆਂ ਦੀ ਉਡੀਕ ਚੁੱਪ ‘ਚ ਹੈ ਸਮਾ ਰਹੀ
ਮੁੜ ਜਨਮਣ ਲਈ
ਇਹ ਮੁੜ ਜਨਮੇਗੀ
ਤੋਤਲੀਆਂ ਅਵਾਜ਼ਾਂ ਦੇ ਸ਼ੋਰ ‘ਚ
ਲੋਰੀਆਂ ਦੇ ਹੜ ਦੇ ਸ਼ੋਰ ‘ਚ
ਪਿਆਰਾਂ ਦੀਆਂ ਨਦੀਆਂ ਦੇ ਸੋ਼ਰ ‘ਚ
ਕਾਇਨਾਤ ਦੇ ਹੁਸੀਨ ਸ਼ੋਰ ‘ਚ
ਤੇ ਮੇਰੀ ਇਹ ਨਿੱਕੀ ਜਿੰਨੀ ਚੁੱਪ
ਗੁਆਚ ਜਾਵੇਗੀ
ਖੁਦਾ ਕੋਈ ਹੱਥ ਫੜੇ ਮੇਰਾ
ਕੋਈ ਪਾਰ ਕਰੇ ਮੈਨੂੰ
ਚੁੱਪ ਦੇ ਦਿਸਹਿੱਦੇ ਤੋਂ ਪਾਰ
ਰੋਸ਼ਨੀਆਂ ਦੇ ਸ਼ੋਰਾਂ ਦੇ ਦੇਸ਼ ‘ਚ

ਇੱਕ ਰਹਿਨੁਮਾਂ
ਹੱਥਇੱਕ ਰੋਸ਼ਨੀ ਦਾ ਪੱਲਾ…
ਦਿਸਹਿਦੇ ਦੇ ਉਸ ਪਾਰ……
ਰੋਸ਼ਨੀ…………
…ਪਿਆਰ
ਸੋ਼ਰ………

ਬਲਬੀਰ ਸਿੰਘ ਅਟਵਾਲ

“ਧੀ ਵਲੋਂ ਬਾਬੁਲ ਦੇ ਨਾਂ”

“ਧੀ ਵਲੋਂ ਬਾਬੁਲ ਦੇ ਨਾਂ”

ਵੇ ਤੂੰ ਕਿਹਨਾਂ ਦੇਸਾਂ ਦਾ
ਵਾਸੀ ਵੇ ਬਾਬੁਲਾ ।
ਤੇਰੇ ਦਰਸ ਬਿਨਾਂ
ਰੂਹ ਉਦਾਸੀ ਵੇ ਬਾਬੁਲਾ ॥

ਜਿਨਾਂ ਰਾਹਾਂ ਦੇ ਨਸੀਬੀ
ਅਸੀਸ ਨਾਂ ਤੈਂਡੀ ।
ਉਨ੍ਹਾ ਰਾਹਾਂ ਤੇ ਜਿੰਦ
ਰੁਲ ਜਾਸੀ ਵੇ ਬਾਬੁਲਾ ॥

ਸਾਡੇ ਗੁੱਡੀਆਂ-ਪਟੋਲਿਆਂ ਦੀ
ਕਦਰ ਨਾਂ ਹੋਈ ।
ਹੋਏ ਬੋਲ ਕੁਬੋਲ
ਲੱਖ-ਚੁਰਾਸੀ ਵੇ ਬਾਬੁਲਾ ॥

‘ਕਵ਼ਲ ਨੈਣਾਂ’ ਦੇ ਸਾਗਰਾ ‘ਚੋਂ
ਬੂੰਦ ਨਾਂ ਛਲਕੀ ।
ਅਸਾਂ ਹੰਝੂਆਂ ‘ਚ ਉਮਰ
ਲੰਘਾਸੀ ਵੇ ਬਾਬੁਲਾ ॥

ਮੈਂਡੀ ਬਾਲ ਉਮਰ ‘ਚ
ਤੈਂਡਾ ਪੰਧ ਮੁੱਕ ਗਿਆ ।
ਕਿੰਝ ਹੋਵੇਗੀ
ਬੰਦ-ਖੁਲਾਸੀ ਵੇ ਬਾਬੁਲਾ ॥

ਕਿਸੇ ਚਾਂਦੀ ਦੀਆਂ ਰੱਸੀਆਂ ਦਾ
ਜਾਲ ਵਿਛਾਇਆ।
ਮੈਂ ਤੱਤੜੀ ਦੀ ਜਿੰਦ
ਹੋਰ ਫਾਸੀ ਵੇ ਬਾਬੁਲਾ ॥




ਇੱਕ ਪੀੜ ਡਂਘੇਰੀ
ਦੂਜਾ ਆਸਰਾ ਨਾਂ ਕੋਈ ।
ਗੂੰਜੇ ਸੁੰਨ ਮੇਰੇ
ਚਹੁ ਪਾਸੀ ਵੇ ਬਾਬੁਲਾ ॥

ਇਸ ਸੁੰਨ-ਮਸੁੰਨ ਵਿੱਚ
ਬੋਲ ਅਗੰਮੀ ।
ਕਦੇ-ਕਦੇ ਆਸਰਾ
ਦੇ ਜਾਸੀ ਵੇ ਬਾਬੁਲਾ ॥

ਮੇਰੀ ਸੁਰਤ ‘ਚ ਚਮਕਣ
ਨਕਸ਼ ਤੁਸਾਂ ਦੇ ।
ਪਏ ਖੁੱਲਦੇ ਨੇ ਭੇਦ
ਅਕਾਸੀ ਵੇ ਬਾਬੁਲਾ ॥

‘ਕਵ਼ਲ ਨੈਣਾਂ’ ਦੇ ਸਾਗਰਾ ‘ਚੋਂ
ਬੂੰਦ ਜੋ ਛਲਕੀ ।
ਮੈਂ ਭਈ ਸਾਹਿਬ ਦੀ
ਦਾਸੀ ਵੇ ਬਾਬੁਲਾ ॥

ਬਲਬੀਰ ਸਿੰਘ ਅਟਵਾਲ