Wednesday, February 27, 2008

ਅਰਦਾਸ

ਅਰਦਾਸ

ਲੰਮਿਆਂ ਰਾਹਾਂ ਦੀ ਸੁੰਨ ਵੇ ਮਾਹੀ
ਹੋਵੇ ਨਾਂ ਜੀਅ ਤੋਂ ਸਹਾਰ,
ਬਖ਼ਸ਼ੀ ਵੇ ਬੀਬਾ ਸਿਦਕਾਂ ਦੇ ਪੰਖੜੂ
ਲੰਘ ਜਾਂਵਾ ਅਕਲਾਂ ਤੋ ਪਾਰ॥

ਡੂਘਿਆਂ ਵਣਾਂ ਦੀਆਂ, ਕਾਲੀਆਂ ਕੋ ਰਾਤਾਂ
ਕਰ ਗਈਆਂ ਸੀਨਿਆਂ ਤੇ ਵਾਰ,
ਸਿਦਕ ਤੇਰੇ ਦਾ ਆਸਰਾ ਸੀ ਜਿਸ ਨੂੰ
ਖੁੰਝ ਗਿਆ ਅੱਧ ਵਿਚਕਾਰ॥

ਤੱਤਿਆਂ ਰਣਾਂ ਨੇਂ ਝੰਬਿਆ ਨਾਂ ਜਿਸ ਨੂੰ
ਮੌਤ ਵੀ ਨਾਂ ਸਕੀ ਜਿਸ ਮਾਰ,
ਕੋਝੇ ਵਿਸ਼ੈਲੇ ਵੇਸਾਂ ਨੇ ਛਲ ਨਾਲ,
ਖੋਭ ਦਿੱਤੀ ਵੱਖੀ ‘ਚ ਕਟਾਰ॥

ਸਮਿਆਂ ਨੇ ਐਸਾ ਵੈਰ ਕੋ ਖੱਟਿਆ
ਪੈ ਗਿਆ ਮਣਾਂ ਮੂਹੀਂ ਭਾਰ,
ਦੇ-ਦੇ ਸ਼ਹਾਦਤਾਂ ਪੂਰੇ ਵੀ ਕੀਤੇ
ਸੂਰਮਿਆਂ ਕੋਲ ਤੇ ਕਰਾਰ॥

ਕਾਲਿਆਂ ਰੂਪਾਂ ਨੇ ਲਿੱਪ ਦਿੱਤੀ ਕਾਲਸ
ਸੱਚੜੇ ਜੋ ਸਨ ਸੰਸਕਾਰ
ਚੋਹਾਂ ਦਿਸਾਵਾਂ ‘ਚ ਮੋਤ ਕੋ ਗੂਂਜੀ
ਸੁਣਦਾ ਨਾਂ ਕੋਈ ਵੀ ਪੁਕਾਰ॥

ਪਾਕ ਗਰਾਂ ਤੋ ਉੱਠਿਆ ਕੋ ਤਾਰਾ
ਮੁੱਖੜੇ ਤੇ ਤੇਜ ਦੀ ਨੁਹਾਰ,
‘ਸੋਦਰ’ ਦੇ ਬੋਲਾਂ ਦੀ ਜਪਦਾ ਕੋ ਮਾਲਾ
ਜਾਂਣੇਂ ਉਹ ਟੁਰਨਾਂ ਖੰਡੇਧਾਰ॥

ਨੀਲੇ ਦੇ ਪੁੜਾਂ ਦੀ ਟਾਪ ਨੂੰ ਸੁਣਦਾ
ਜਾਂਣਦਾ ਕੈਲਾਸ਼ ਵਾਲੀ ਸਾਰ,
ਗੰਗਾ ਦੇ ਪਾਣੀਆਂ ਸਿੰਜਿਆ ਜੋ ਸੀਨਾਂ
ਪ੍ਰੀਤਾਂ ਦਾ ਪਹਿਰੇਦਾਰ॥

ਗੁਰੁ ਪ੍ਰੀਤ ਵੱਲ ਕਦਮ ਕੋ ਪੁੱਟਦਾ
ਖਾਲਸੇ ਦਾ ਝੰਡਾ ਬਰਦਾਰ,
ਧਰਤੀ ਨੇਂ ਲੈਣੀ ਏ ਜਿਹੜੀ ਕਰਵਟ
ਬੁੱਝ ਲਈ ਸੱਚੜੇ ਨੇਂ ਸਾਰ॥

ਸਾਗਰਾਂ ‘ਚ ਮਿਲਣੇਂ ਦਾ ਚਾਅ ਅਵੱਲਾ
ਜਾਵੇ ਕੋ ਕਰਦਾ ਮਾਰੋ ਮਾਰ,
ਨਿੱਕੇ-ਨਿੱਕੇ ਝਰਨਿਆਂ ਨੇਂ ਚਾਅ ਐਸਾ ਤੱਕਿਆ
ਰਲ਼ ਪਏ ਉਹ ਹੋਕੇ ਪੱਬਾਂ ਭਾਰ॥

ਬਖ਼ਸ਼ੀ ਵੇ ਬੀਬਾ ਸਿਦਕਾਂ ਦੇ ਪੰਖੜੂ
ਲੰਘ ਜਾਂਵਾ ਅਕਲਾਂ ਤੋਂ ਪਾਰ॥

ਬਲਬੀਰ ਸਿੰਘ ਅਟਵਾਲ
27 ਫਰਵਰੀ 08

No comments: