Friday, February 22, 2008

“ਬਾਜ਼ ਗੁਰੁ ਦਾ ਅੰਬਰੀ ਉੱਡਦਾ” *


“ਬਾਜ਼ ਗੁਰੁ ਦਾ ਅੰਬਰੀ ਉੱਡਦਾ” *

ਲੋਢੇ ਪਹਿਰ , ਰੈਣ ਤੋਂ ਪਹਿਲਾਂ
ਸ਼ਾਂਤ ਪਈ ਜਮੁਨਾਂ ਵਹਿੰਦੀ,
ਦਸਵੇ ਜਾਂਮੇ ਨਾਨਕ ਦੀਆਂ
ਗੁੱਝੀਆਂ ਆਹਟਾਂ ਲੈਦੀ॥

ਸ਼ੀਤਲ ਪਵਣ ਪਈ ਚਵਰ ਕਰੇਂਦੀ
ਧਰਤ ਅਨੰਦ ‘ਚ ਖੋਈ,
ਬਾਜ਼ ਗੁਰਾਂ ਦਾ ਅੰਬਰੀ ਉੱਡਦਾ
ਜਾ਼ਮਨ ਚੋਜ ਦਾ ਸੋਈ॥

ਯੁੱਧ ਭੰਗਾਂਣੀ ਆਖਿਰ ਮੁੱਕਿਆ
ਫਤਿਹ ਅਕਾਲ ਨਿਵਾਜੇ,
ਕਾਲ ਦੇ ਇਸ ਖਿਣ, ਸਿੱਲ ਦੇ ਉੱਤੇ
ਦਸਵੇਂ ਗੁਰੂ ਨਿਵਾਜੇ॥

ਸੱਚਖੰਡ ਰਬਾਬ ਕੋ ਗੂਂਜੀ
ਜਨਤੋਂ ਨਬੀ ਨਿਹਾਰੇ,
ਲੰਮੜੇ ਕੇਸ ਗੁਰੁ ਨੇ ਖੋਹਲੇ
ਕੰਘੇ ਵਾਹ ਸਵਾਰੇ॥

ਸੀਤਲ ਪਵਣ ਨੂੰ ਚਾਅ ਕੋਈ ਚੜਿਆ
ਧਰਤ ਵੀ ਸਜਦਾ ਹੋਈ,
ਬਾਜ਼ ਗੁਰਾਂ ਦਾ ਅੰਬਰੀ ਉੱਡਦਾ
ਜਾ਼ਮਨ ਚੋਜ ਦਾ ਸੋਈ॥

ਕੰਘੇ ਦੇ ਹਰ ਵਹਿਣਂ ਦੇ ਅੰਦਰ
ਲੱਖਾਂ ਘੋਰ ਇਸ਼ਾਰੇ,
ਇਸੇ ਘੜੀ ਹੀ ਬਾਬੁਲ ਪੀਰ
ਬੁੱਧੂ ਸ਼ਾਹ ਪਧਾਰੇ॥

ਨੈਣਾਂ ਦੇ ਵਿੱਚ ਨੀਰ ਛਲਕਦਾ
ਮਸਤਕ ਤੇਜ ਇਲਾਹੀ,
ਪੁੱਤਰਾਂ ਦੀ ਕੁਰਬਾਨੀਂ ਦੇ ਕੇ
ਸਾਂਝ ਖੁਦਾ ਨਾਂਲ ਪਾਈ॥

ਉੱਠ ਗੁਰਾਂ ਨੇਂ ਆਦਰ ਦਿੱਤਾ
ਪੀਰਾਂ ਦੇ ਇਸ ਪੀਰ,
ਲੱਖ ਸ਼ੁਕਰਾਨੇ ਮੋੜ ਨਾਂ ਸੱਕਣ
ਪੀੜ ਇਹ ਅੱਤ ਗੰਭੀਰ॥


ਇਬਰਾਹੀਮ ਦੀ ਸੁਰਤ ਪਈ ਕਰਦੀ
ਪੀਰ ਦੇ ਲੱਖ ਸ਼ੁਕਰਾਨੇ,
ਦੋ ਪੁੱਤਰਾਂ ਦੀ ਦੇ ਸ਼ਹਾਦਤ
ਖ੍ਹੋਲੇ ਭੇਦ ਪੁਰਾਨੇ॥

ਪੀਰ ਕਿਹਾ ਉਸ ਮੁਰਸ਼ਦ ਤਾਂਈ
ਝੋਲੀ ਖ਼ਾਲੀ ਮੇਰੀ,
ਕੰਘਾ, ਕੇਸ ਮੁਬਾਰਿਕ ਦੇਵੋ
ਪੁੱਗੇ ਆਸ ਡੁੰਘੇਰੀ॥

ਵਧ ਗੁਰਾਂ ਨੇ ਸੀਨੇ ਲਾਇਆ
ਪੀਰ ਨੂੰ ਬਾਂਹੀ ਫੜਕੇ,
ਅਨਹਦ ਨਾਦ ਸੱਚਖੰਡ ਗੂਂਜੇ
ਜਨਤਂੋ ਪ੍ਰੀਤ ਪਈ ਛਲਕੇ॥

ਇੱਕੋ ਪਲ ਵਿੱਚ ਦੂਰੀਆਂ ਮਿਟੀਆਂ
ਸਫਰ ਅਕਾਲ ਦਾ ਕੀਤਾ,
ਸੀਨੇਂ ਦੇ ਨਾਲ ਲੱਗ ਗੁਰਾਂ ਦੇ
ਦਰਸ ਖੁਦਾ ਦਾ ਕੀਤਾ॥

ਸੱਤ ਕਮਾਨੀ ਫਰਕ ਕੋ ਮਿਟਿਆ
ਸਫਰ ਮੈਅਰਾਜ ਦਾ ਪੂਰਾ,
ਸੱਭੇ ਭੇਦ ਉਜਾਗਰ ਹੋਏ
ਭੇਟਿਆ ਸਤਿਗੁਰ ਪੂਰਾ॥

‘ਤੂੰ ਸੁਲਤਾਨ ਕਹਾ ਹਓ ਮੀਆ’
ਕਹਿਣ ਨਾ ਜਾਂਣਾਂ ਕੋਈ,
ਬਾਜ਼ ਗੁਰਾਂ ਦਾ ਅੰਬਰੀ ਉੱਡਦਾ
ਜਾ਼ਮਨ ਚੋਜ ਦਾ ਸੋਈ॥

* ਪਉਟਾ ਸਾਹਿਬ ਵਿਖੇ, ਜਮੁਨਾਂ ਨਦੀ ਦੇ ਕਿਨਾਰੇ, ਭੰਗਾਣੀ ਦੇ ਯੁੱਧ ਤੋਂ ਬਾਅਦ
ਕਲਗੀਆਂ ਵਾਲੇ ਦੀ ਪੀਰ ਬੁੱਧੂ ਸ਼ਹ ਨਾਲ ਮਿਲਣੀ ।


ਬਲਵੀਰ ਸਿਘ ਅਟਵਾਲ
ਬਰੈਪਟਨ 22-2-08

No comments: