Friday, April 4, 2008

“ਕਿਤ ਸੂ ਦੇਸ ਅਸਾਡੜਾ”

ਕਿਤ ਸੂ ਦੇਸ ਅਸਾਡੜਾ ਵੇ ਬਾਬੁਲਾ
ਕਿਤ ਸੂ ਕਰਾਂ ਗੁਮਾਨ।
ਕਿਤ ਸੂ ਮਾਂਣਾ ਮੈਂ ਠੰਡੀਆਂ ਛਾਂਵਾ
ਕਿਤ ਸੂ ਕਰਾਂ ਸਥਾਂਨ॥

ਕਿਤ ਸੂ ਸੋਂਵਾਂ ਨੀਂਦ ਸੁਭਾਗੀ
ਸੁਪਨੇਂ ਵੇਖਾਂ ਕੰਤ।
ਕਿਤ ਸੂ ਹਾਰ ਸਿ਼ਗ਼ਾਰ ਲਗਾਵਾਂ
ਕਾਪੜ ਕਿਤ ਹਡੰਤ॥

ਕਿਤ ਸੂ ਕਰਾਂ ਦਿਦਾਰ ਕ੍ਹਾਨ ਦਾ
ਕਿਤ ਸੂ ਰਾਸ ਕਰਾਂ।
ਕਿਤ ਸੂ ਆਂਗ਼ਣ ਅਰਘ ਚੜਾਂਵਾ
ਤੁਲਸੀ ਨਮਨ ਕਰਾਂ॥

ਕਿਤ ਸੂ ਢੂਡਾਂ ਪੱਤ ਕਦੰਭ ਦੇ
ਕਿਤ ਵਣ ਹੂਕ ਸੁਣਾਂ।
ਕਿਤ ਸੂ ਪਿੱਪਲ ਡਾਢੇ ਤਣਿਆਂ
ਸੁੱਚੜੇ ਸੂਤ ਮਿਣਾਂ॥

ਕਿਤ ਸੂ ਪਿੱਪਲੀ ਪੀਘਾਂ ਪਾਂਵਾ
ਤ੍ਰਿਝਣ ਕਿਤ ਬਹਾਂ।
ਕਿਤ ਸੂ ਗ਼ਲੀਆਂ ਅੱਡੀ – ਟੱਪਾ
ਕਿਤ ਦਰ ਵਿੱਚ ਬਹਾਂ॥

ਕਿਤ ਸੂ ਕੋਇਲ ਬੂਰ ਅੰਬਾਂ ਨੂੰ
ਕਿਤ ਬੰਬੀਹੇ ਭੋਰ।
ਕਿਤ ਗਂਰਾਂ ਦੀਆਂ ਬੇਪਰਵਾਹੀਆਂ
ਟੇਕ ਵੀਰਾਂ ਦੇ ਜ਼ੋਰ॥

ਕਿਤ ਸੂ ਦੁੱਧ-ਘਿਉ ਦੀਆਂ ਨਦੀਆਂ
ਧਰਤ ਸੂ ਸੱ਼ਕਰ ਕਿਤ।
ਕਿਤ ਵਲ ਸੋਇਨੇ ਰੰਗੇ ਪਰਬਤ
ਨਾਦ ਹਵਾਂਵਾ ਕਿਤ॥

ਕਿਤ ਸੂ ਦੇਸ ਅਸਾਡੜਾ ਵੇ ਬਾਬੁਲਾ
ਕਿਤ ਸੂ ਕਰਾਂ ਗੁਮਾਨ।
ਕਿਤ ਸੂ ਮਾਂਣਾ ਮੈਂ ਠੰਡੀਆਂ ਛਾਂਵਾ
ਕਿਤ ਸੂ ਕਰਾਂ ਸਥਾਂਨ॥


ਬਲਬੀਰ ਸਿੰਘ ਅਟਵਾਲ
4 ਅਪ੍ਰੈਲ 2008

No comments: