Wednesday, October 10, 2007

“ਜਿਨ ਸੱਚ ਪੱਲੇ ਪਿਆ”



“ਜਿਨ ਸੱਚ ਪੱਲੇ ਪਿਆ”


ਉਮਰੋਂ ਲੰਮਾ ਦਿਨ ਟੁਰ ਗਿਆ,

ਸ਼ਾਮ ਦੀ ਬਿਗਾਨੀ ਜਹੀ ਭਾਹ ॥

ਆਪਣੀ ਮਿੱਟੀ ਦੀ ਯਾਦ ਸਤਾਵੇ

ਧਰਤ ਬਿਗਾਨੜੀ ਤੇ ਆ ॥


ਜ਼ੁਲਫਾਂ ਦੀ ਛਾਵੇਂ ਚਲਦੇ – ਚਲਦੇ

ਫਸ ਗਏ ਉਲਝਣ ਚ ਆ ॥

ਅੰਯਾਂਣੇ ਪੰਖੇਰੁਆ ਨੂੰ ਲੁੱਟਿਆ ਕਿਸੇ ਨੇ

ਠੀਕਰਾਂ ਦੀ ਚਮਕ ਦਿਖਾ ॥


ਘੋਰ ਬਣਾਂ ਵਿੱਚ ਚੋਗਾ ਚੁਗਦੇ

ਕੁੱਦਿਆ ਕੋਈ ਹੁਦਰਾ ਚਾਅ ॥

ਸੋਨੇਂ ਦਿਆ ਮਿਰਗਾਂ ਦੀ ਛਮ-ਛਮ ਪਿੱਛੇ

ਗਏ ਇੱਧਰ ਨੂੰ ਆ॥


ਨਿੱਕੇ-ਨਿੱਕੇ ਝਰਨੇਂ ਕਲ਼-ਕਲ਼ ਵਗਦੇ

ਝੀਲਾਂ ਚ ਚੰਨ ਪਿਆ॥

ਦੁੱਧ ਚਿੱਟੀ ਚਾਨਣੀ ਧਰਤ ਨੇਂ ਕੱਜੀ

ਰਾਹੀਆ ਵੇ ਭੁੱਲ ਗਿਓ਼ ਰਾਹ ॥


ਰੰਗ – ਬਰੰਗੇ ਵਣ ਪਿਆ ਰੰਗਿਆ

ਸੁਰਖ਼ ਪੱਤੀਆਂ ਦੇ ਚਾਅ॥

ਹਰ ਰੰਗ ਬਾਝੋਂ ਪਿਆ ਇਹ ਮਾਰੇ

ਸੱਖਣੀ ਸੱਖਣੀ ਭਾਅ ॥


ਘੁੱਗੀਆਂ, ਕਬੂਤਰਾਂ ਤੇ ਚਿੜੀਆਂ ਦੇ ਝੁਰਮਟ

ਪੋਣਾਂ ਸੁਗੰਧੜੀਆਂ ॥

ਤਜ ਕੇ ਧਰਤ ਫਕੀਰੀ ਵਾਲੀ

ਖੱਟਿਆ ਕੀ ਮਹਿਲਾਂ ਚ ਆ ॥


ਸੋਹਣੇ ਰੁੱਖ ਭਰਾਵਾਂ ਵਰਗੇ

ਵੇਖਣ ਨੂੰ ਤਰਸ ਗਿਆ ॥

ਉਮਰਾਂ ਦੇ ਕੰਮੀ ਭੁੱਲ ਗਿਆ ਮਾਏ

ਘਰ ਪਰਤਣ ਦਾ ਰਾਹ ॥


ਗੁਰ ਪੂਰੇ ਅਰਦਾਸ ਕਰੇਂਦਾ

ਮਿਹਰਾਂ ਦਾ ਮੀਂਹ ਵਰਸਾ ॥

ਨਿੱਕੇ-ਨਿੱਕੇ ਬੋਟਾਂ ਨੇ ਦਸਤਕ ਦਿੱਤੀ

ਸਾਂਝਾ ਦਾ ਬੀਜ ਪਿਆ ॥


ਸ਼ਬਦ ਮਾਹੀ ਦੇ ਭੇਦ ਸੁਝਾਇਆ

ਕਦਮਾਂ ਦਿਖਾਇਆ ਰਾਹ॥

‘ਸੇਈ ਜਨ ਪ੍ਰਵਾਨ ਹੋਏ

ਜਿਨ ਸੱਚ ਪੱਲੇ ਪਿਆ’॥


ਬਲਬੀਰ ਸਿੰਘ ਅਟਵਾਲ

( 1 ਅਕਤੂਬਰ 07 )

No comments: