ਧਰ ਤੇ ਵਗਦੇ ਸੁੰਮ ਅਨੇਕਾਂ,
ਵਹਿਣ ਅਧੂਰੇ ਵਹਿਂਦੇ।
ਕਿਲਵਿਖ ਨੈਣ ਯੁਗੋਂ ਤਰਸਦੇ,
ਪਰਮ ਪੁਰਖ ਨੂੰ ਰਹਿਦਂੇ॥
ਖੁਦ ਪਰਮੇਸੁਰ ਜਨੁਮ ਜੋ ਲੀਤਾ,
ਨਨਕਾਂਣੇ ਦੀ ਧਰ ਤੇ।
ਸ਼ਬਦ ਰੁਹਾਨੀ ਦੇ ਲੱਖ ਚਸ਼ਮੇਂ,
ਦਸਤਕ ਦੇਵਣ ਦਰ ਤੇ॥
ਰੰਗ ਚਲੂਲੇ ਰੰਗੀ ਧਰਤੀ,
ਮੁੱਕੀ ਯੁਗਾਂ ਦੀ ਭਾਲ।
ਨਭ ਵਿੱਚ ਬੈਠੇ ਨਾਗ ਜੋਗੀਸਰ,
ਸੁਣੀ ਚਾਪ ਮਹੀਵਾਲ॥
ਸਿ਼ਵ ਦੇ ਕੰਠ ਦੀ ਉੱਚੜੀ ਸੋਭਾ,
ਝਲਕ ਬਲੋਰੀ ਡਲਕੇ।
ਤੱਕਦਾ ਰਾਹ ਕੈਲਾਸ਼ ਦੇ ਪੂਰੇ,
ਹੋਵਣ ਚਾਕ ‘ਚ ਰਲਕੇ॥
ਰਾਵੀ ਕੰਢੜੇ ਮੱਝੀਆਂ ਚਾਰੇ,
ਆਪੇ ਸਿਰਜਣਹਾਰ।
ਨਾਗ ਬਜੁ਼ਰਗੀ ਤੜਪ ਕੋ ਜਾਗੀ,
ਤੱਕਾਂ ਅਸਲ ਨੁਹਾਰ॥
ਰਾਇ ਬੁਲਾਰ ਸਿ਼ਕਾਰ ਪਿਆ ਖੇਡੇ,
ਲੰਘਿਆ ਕੋਲੋ਼ਂ ਕੋ।
ਭੇਦ ਚਾਕ ਦਾ ਚਿਰਾਂ ਤੋਂ ਜਾਂਣੇ,
ਪੈਂਦੀ ਨਵੀ ਕਨਸੋਅ॥
ਹਾੜ ਦੀ ਰੁੱਤੇ ਲੂਆਂ ਵੱਗਣ,
ਧਰ ਦਾ ਹਿਰਦਾ ਠਰਿਆ।
ਠੰਡੜੀ ਛਾਂਵੇ ਕੂਲੇ ਘਾਹ ਤੇ,
ਮਾਹੀ ਬਿਸਤਰ ਕਰਿਆ॥
ਸੂਰਜ, ਰੱਥ ਦੀਆਂ ਵਾਂਗਾ ਭੁੱਲਿਆ
ਛਾਂ ਆਨੰਦ ‘ਚ ਖੋਈ।
ਸਗਲੀ ਧਰਤੀ ਰਸ ਰੱਜ ਪੀਤਾ,
ਭਟਕ ਯੁੱਗਾਂ ਦੀ ਮੋਈ॥
ਮਾਹੀ ਦੇ ਸੰਗ ਨੀਂਦ ਸੁਭਾਗੀ,
ਸੁੱਤੀ ਕੁੱਲ ਲੋਕਾਈ।
ਐਸੀ ਸੁੱਤੀ, ਸੁੱਧ-ਬੁੱਧ ਬਿਸਰੀ,
ਧੁੱਪ ,ਨੂਰ ਮੁੱਖ ਆਈ॥
ਸਿ਼ਵ ਦੇ ਕੰਠ ਦੀ ੳੱਚੜੀ ਸੋਭਾ,
ਉੱਤਰ ਕੈਲਾਸ਼ ਤੋਂ ਆਵੇ।
ਤੱਕਕੇ ਨੂਰ ਨੂੰ ਕੀਲਣ ਹੋਇਆ,
ਛਜਲੀ ਆਂਣ ਫੈਲਾਵੇ॥
ਦੋ ਦੁਨੀਂ ਖ਼ਜ਼ਾਨਾ ਲੱਧਿਆ,
ਤੱਕਿਆ ਕੇਸਾਂ - ਰਾਜ਼।
ਸ਼ਬਦ ਨਾਦ, ਗੁਰੂ ‘ਚੋ ਸੁਣਿਆ,
ਝੂਮਣ ਲੱਗਿਆ ਨਾਗ॥
ਸ਼ਬਦ ਦੇ ਨਾਦੀਂ ਨਾਗ ਪਿਆ ਝੂਮੇਂ,
ਬੀਨ ਸਾਰ ਕੀ ਜਾਂਣੇ.
ਨਾਗ ਸੁਰਤ ਨੇ਼ ਸਫਰ ਜੋ ਕੀਤਾ,
ੳੱਚੜੇ ਰਾਜ਼ ਪਛਾਂਣੇ॥
ਕੁੱਲ ਧਰਤੀ ਦੇ ਸਾਜ਼ ਸਮੋਏ,
ਆਂਣ ਰਾਗਮਈ ਦੇਹ।
ਉੱਚੜੇ ਭੇਦ ਪਏ ਹਰ ਥਾਂ ਗੂੰਜਣ,
ਲੱਭ ਲਏ ਰਾਹੀ ਜੇ॥
ਗੁਰੂ ਸੁਰਤ ਦੀ ਅਮ੍ਰਿਤਧਾਰਾ,
ਵਰਸੀ ਨਾਗ ਦੇ ਉੱਤੇ।
ਉੱਚ ਗ੍ਰਹਿਸਥ ਦਾ ਰੂਪ ਜੋ ਤੱਕਿਆ,
ਨੇਤਰ ਖੁੱਲ ਗਏ ਸੁੱਤੇ॥
ਕੱਚੀ ਕੰਧ ਸਲਾਮਤ ਤੱਕਦਾ,
ਨਾਨਕ ਜੋਤ ਦੇ ਥੱਲੇ।
ਦੁਰਗਾ ਰੂਪ ‘ਚ ਸਹਿ ਨਾਂ ਸਕਿਆ,
ਨਾਥ ਵੀ ਜਿਸਦੇ ਹੱਲੇ॥
ਅੰਤ ਜਦੋਂ ਬੁਲਾਰ ਸੀ ਮੁੜਿਆ,
ਤੱਕਣ ਚਾਕ ਪਿਆਰਾ।
ਦੋ ਸਿਰਿਆਂ ਦਾ ਮਾਲਕ ਸੁੱਤਾ,
ਡਿੱਠਾ ਅਜਬ ਨਜਾ਼ਰਾ॥
ਸੂਫੀ ਦਾ ਕੋਈ ਰੰਗ ਮਜੀਠਾ,
ਤੱਕਿਆ ਪਾਕਿ ਨਿਗਾਹ।
ਕੁੱਲ ਭੇਦ ਇਹ ਜਾ਼ਹਿਰ ਹੋਇਆ,
ਚੋਦਾਂ ਤਬਕੋਂ ਗਾਂਹ॥
ਸ਼ਰਾ , ਵਜਦ ਦਾ ਰੂਪ ਕੋ ਸਾਂਝਾ,
ਤੱਕਿਆ ਰਾਇ ਬੁਲਾਰ।
ਝੁਕ ਦਰਗਾਹ ਵੱਲ ਸਜਦਾ ਕੀਤਾ,
ਚਰਣ-ਸ਼ਰਣ ਕਰਤਾਰ॥
ਬਲਬੀਰ ਸਿੰਘ ਅਟਵਾਲ21 ਮਈ 2008
ਬਲਬੀਰ ਸਿੰਘ ਅਟਵਾਲ21 ਮਈ 2008
No comments:
Post a Comment