“ਸੁੰਦਰਾਂ ਦੇ ਮਹਿਲੀਂ ਪੂਰਨ ਨਾਥ ਜੋਗੀ ਦੀ ਵਾਪਸੀ।”
ਆਉ ਭੈਣੋਂ, ਰੱਜ ਦੇਵੋ ਨੀਂ ਵਧਾਈ,
ਮੈਂ ਕਮਲੀ ਸ਼ਹੁ ਪਾਇਆ,
ਜੋਗੀ ਮੁੜ ਆਇਆ॥
ਚੜਦੀ ਉਮਰ ਦਾ ਜੋਗ ਅਝਾਂਣਾ,
ਮੈਂ ਤੱਤੜੀ ਵੀ ਸਾਰ ਨਾਂ ਜਾਂਣਾ।
ਟਿਕਦਾ ਨਾਂ ਟਿਕਾਇਆ,
ਬੰਨ-ਬੰਨ ਜੋਰ ਬਿਠਾਇਆ।
ਜੋਗੀ ਮੁੜ ਆਇਆ॥
ਮੈਂ ਰਾਂਣੀ ਬਹੁ ਵੇਸ ਰਚਾਏ,
ਜੋਗੀ ਨੈਂਣ ਨਾਂ ਮੂਲ ਉਠਾਏ।
ਜੋ ਵੱਲ ਜੋਗੀਸਰ ਧਾਇਆ,
ਅੱਜ ਉੱਤਰ ਪਹਾਂੜੋਂ ਆਇਆ।
ਜੋਗੀ ਮੁੜ ਆਇਆ॥
ਇਸ ਜੋਗੀ ਉੱਚ ਜੋਗ ਕਮਾਏ,
ਇਸ ਜੋਗੀ ਮੇਰੇ ਰੋਗ਼ ਮਿਟਾਏ।
ਅਰਧ-ਨਾਰੀ ਮੁਖ ਪਾਇਆ,
ਹੋਇਆ ਦੂਣ ਸਵਾਇਆ।
ਜੋਗੀ ਮੁੜ ਆਇਆ॥
ਰਿਮਝਿਮ ਨੈਂਣ ਜੋਗੀ ਨੇ ਖੋਹਲੇ,
ਮਿੱਠੜੇ ਬੋਲ ਇਹ ਜੋਗੀ ਬੋਲੇ।
ਕੇਸੀ ਨੂਰ ਛੁਪਾਇਆ,
ਉੱਚਾ ਭੇਸ ਸਜਾਇਆ।
ਜੋਗੀ ਮੁੜ ਆਇਆ॥
ਲੰਮੜਾ ਕੱਦ ਜੋਗੀ ਦਾ ਸੱਜਦਾ,
ਡਾਢਾ ਮੱਲ ਗੁਸਾਂਈ ਦਾ ਲੱਗਦਾ।
ਪਗੜੀ ਤਾਜ ਸਜਾਇਆ,
ਬੰਨ ਦਰਿਆ ਬਹਾਇਆ।
ਜੋਗੀ ਮੁੜ ਆਇਆ॥
ਤੁਰਦਾ ਇਉਂ-ਜਿੳਂੁ ਗੀਤ ਕੋਈ ਬੋਲੇ,
ਪੋਣਾਂ ਵਿੱਚ ਸੁਗੰਧੀਆਂ ਘੋਲੇ।
ਹਿਰਦੇ ਸ਼ਬਦ ਵਸਾਇਆ,
ਭੈਣੇਂ! ਰੁਣ-ਝੁਣ ਲਾਇਆ।
ਜੋਗੀ ਮੁੜ ਆਇਆ॥
ਭਲਕੇ-ਭਲਕ ਸ਼ੰਖ ਪਏ ਵੱਜਣ,
ਭੁੱਲ ਗਏ ਸਾਰੇ ਸੱਜਣ-ਫੱਬਣ।
ਉੱਚੜੇ ਪੈਰ ਘਰ ਪਾਇਆ,
ਕੋਲ ਬਹਾਇਆ,ਹਿਰਦੇ ਲਾਇਆ।
ਜੋਗੀ ਮੁੜ ਆਇਆ॥
ਜਦ ਜੋਗੀ ਨੇਂ ਨੈਣ ਉਠਾਏ,
ਡਾਢੇ ਜੋਗ ਇਹ ਕਿਤ ਕਮਾਏ?
ਵਿੱਚ ਥਲਾਂ ਦੇ ਸਾਧੀ ਕਾਇਆ,
ਚੁੰਮ ਕੈਲਾਸ਼ ਨੂੰ ਆਇਆ।
ਜੋਗੀ ਮੁੜ ਆਇਆ॥
ਆਉ ਭੈਣੋਂ, ਰੱਜ ਦੇਵੋ ਨੀਂ ਵਧਾਈ,
ਮੈਂ ਵਡਭਾਗੀ ਪਾਇਆ,
ਜੋਗੀ ਮੁੜ ਆਇਆ॥
***************************
ਆਪਣੀ ਧਰਮ ਪਤਨੀ ਗੁਲਨਾਜ਼ ਕੌਰ ਦੇ ਨਾਂ।
ਬਲਬੀਰ ਸਿੰਘ ਅਟਵਾਲ,(02 ਜੂਨ 2008)
No comments:
Post a Comment