Tuesday, May 27, 2008

JUNE 84

ਜੂਨ 84

ਜੂਨ 1984 ਵਿੱਚ ਸਿੱਖਾਂ ਨਾਲ ਹੋਏ ਤੀਜੇ ਘੱਲੁਕਾਰੇ ਦੇ ਆਤਮਿਕ ਅਸਤੁਲਨਾਂ ਦੀ ਜਿਸ ਅਸਹਿ ਪੀੜ ਚੋਂ ਸਮੁੱਚਾ ਪੰਥ
ਲੰਘ ਰਿਹਾ ਹੈ, ਇਹ ਲੰਮੀ ਕਵਿਤਾ ਸਮੁੱਚੀ ਧਰਤੀ ਦੀ ਉਸ ਅਸਹਿ ਪੀੜ ਨੂੰ ਕਹਿਣ ਦਾ ਨਿਮਾਂਣਾ ਜਿਹਾ ਯਤਨ ਹੈ।

ਹਰਿਮੰਦਰ ਨਿਰਮਲ ਪਾਣੀਂ * (ਭਾਗ – 1)

ਤੱਤੀ ਤਵੀ ਦੇ ਮਾਲਿਕ ਸਤਿਗੁਰ
ਅਕੱਥ ਦੀ ਰਚੀ ਕਹਾਂਣੀ।
ਭੈਅ ਵਿਕਰਾਲ ਮਲੀਨ ਨਾਂ ਕਰਸੀ
ਹਰਿਮੰਦਰ ਨਿਰਮਲ ਪਾਣੀਂ॥

ਏਸ ਸਦੀ ਨੂੰ ਸੁਣਨਾਂ ਪੈ ਗਿਆ
ਧਰ ਦੇ ਭੈਅ ਦਾ ਸ਼ੋਰ।
ਵਕ਼ਤੀ ਭੈਅ ਦੀ ਕਾਂਗ ਤਿਖੇਰੀ
ਦੇ ਗਈ ਜ਼ਖਮ ਘਨੋਰ॥

ਕਲਸ਼ ਅਕਾਸ਼ੀ ਹਰਿਮੰਦਰ ਦੇ
ਸੱਚਖੰਡ ਕਰਦੇ ਵਾਸ।
ਧਰ ਦੇ ਭੈਅ ਦੀ ਸਮਝ ਅਂਝਾਂਣੀ
ਭੈਅ ਦੀ ਹੀਣ ਪਿਆਸ॥

ਕਾਲ-ਅਕਾਲ ਨੂੰ ਦੇਖ ਨਾਂ ਸੱਕੇ
ਵਹਿ ਗਿਆ ਹਉਂ ਦੀ ਰੁਖ।
ਰੁਕ ਜ਼ਰਾ ਵੀ ਸਬਰ ਨਾਂ ਕੀਤਾ
ਕਾਲ ਦੇ ਦਾਮਨ ਦੁੱਖ॥

ਭੈਅ ਨੇਂ ਸ਼ਕਲ ਬਣਾਂਈ ਡਾਢੀ
ਚੰਦੂ - ਡੱਲੇ ਕੱਠੇ।
ਨਕਸ਼ ਰੁਹਾਨੀ ਢਾਵਣ ਖਾਤਰ
ਹਰਿਮੰਦਰ ਵੱਲ ਨੱਠੇ॥

ਹਰਿਮੰਦਰ ਦੀ ਜੂਹ ਵਿੱਚ ਬੈਠਾ
ਸੰਤ-ਸਿਪਾਹੀ ਜਾਂਨੈ।
ਲੱਖਾਂ ਮਰਜੀਵੜੇ ਉਡੀਕਣ
ਬੰਨ ਸ਼ਹੀਦੀ ਗਾਨੇਂ॥

ਕਾਲੀ ਨ੍ਹੇਰੀ, ਚੰਦੂ ਬਿਰਤੀ
ਹਰਿਮੰਦਰ ਤੇ ਝੁੱਲੀ।
ਵੇਖ ਕੇ ਕੋਝਾ ਕਦਮ ਸਮੇਂ ਦਾ
ਸਾਰੀ ਧਰਤੀ ਹੁੱਲੀ॥

ਕੈਲਾਸ਼ ਦੇ ਹਿਰਦੇ ਹੂਕ ਕੋ ਗੂੰਜੀ
ਗੰਗਾ ਨੀਰ ਵਹਾਇਆ।
ਸੁੱਤੇ ਨੀਂਦ ‘ਚ ਬਚੜੇ ਮਾਰੇਂ
ਗੰਗੂਆ ਕਹਿਰ ਕਮਾਇਆ॥

ਦੱਖਣ ਧਰਤ ਵੈਰਾਗ ਜੋ ਕੀਤਾ
ਪਕੜ ਜੜਾਂ ਦੀ ਹਿੱਲੀ।
ਦਰਵੇਸ਼ ਰੁੱਖਾਂ ਤੇ ਤਰਸ ਨਾਂ ਤੈਨੂੰ
ਵਾਹ ਨੀਂ ਪਾਪਣ – ਦਿੱਲੀ॥

ਨਿਰਮਲ ਅੱਖ ਦਿਆਲੇ ਦੀ ‘ਚੋਂ
ਹੰਝੂ ਲਾਵੇ ਰੰਗਾ।
ਉੱਬਲ ਰਹੀ ਦੇਗ਼ ‘ਚ ਰਲ ਗਿਆ
ਕੀ-ਕੀ ਕਰਦਾ ਮੰਗਾਂ॥

ਚੀਸ ਕੋ ਮਨੀ ਸਿੰਘ ਦੇ ੳੱਠੀ
ਹਿਰਦਾ ਛਲਣੀਂ ਹੋਇਆ।
ਕੱਟੇ ਬੰਦ ਪਏ ਅੱਥਰੂ ਪੂੰਝਣ
ਜਾ਼ਰੋ-ਜ਼ਾਰ ਕੋ ਰੋਇਆ॥

ਥਲਾਂ ‘ਚ ਘੋਰ ਤੁਫਾਂਨ ਕੋ ਗੂੰਜਣ
ਧਰਤੀ ਜਲ-ਥਲ ਹੋਈ।
ਦੂਰ ਬਣਾਂ ਵਿੱਚ ਬੁੱਧ ਅਹਿੰਸਾ
ਤ੍ਰਪ-ਤ੍ਰਪ ਕਰਕੇ ਰੋਈ॥

ਕਾਲ਼ੀ ਸਮੇਂ ਦੀ ਰਾਤ ਦੇ ਫੱਟ
ਜੋ ਮੀਆਂ ਮੀਰ ਦੇ ਸੀਨੇਂ।
ਵਿੱਚ ਥਲਾਂ ਦੇ ਚਰਨ ਹਾਜੀਆਂ
ਖੁੱਭੇ ਰਾਹ ਮਦੀਨੇਂ॥

ਇਨਾਂ ਫੱਟਾਂ ਦੇ ਸੇਕ ‘ਚ ਗੁਜ਼ਰੇ
ਲਹੂ ਭਿੱਜੇ ਕਈ ਸਾਲ।
ਗਤੀ ਸਮੇਂ ਦੀ ਧੀਮੀਂ ਹੋਈ
ਉੱਠਦੇ ਲੱਖ ਸਵਾਲ॥
ਹਰਿਮੰਦਰ ਦੀ ਸੁਰਤ ਦਾ
ਗੁਰਮੁਖ ਹਿਰਦੇ ਜਾਪ।
ਕਾਲ ਗ਼ਰਕਿਆ ਗੁੱਠ ਹਨੇਰੀ
ਚੁੱਪ ਦੇ ਪਸ਼ਚਾਤਾਪ॥ 24 ਅਪ੍ਰੈਲ 2008)
******************

*ਹਰਿਮੰਦਰ ਨਿਰਮਲ ਪਾਣੀਂ (ਭਾਗ-2)

ਰਾਵੀ ਦਿਆਂ ਕੰਢਿਆਂ ਨੇ, ਦਰਦਾਂ ਦੇ ਹੰਝੂ ਕੇਰੇ
ਪੰਖੀਆਂ ਨੇ ਪੁੱਛਿਆ ਨਾਂ ਹਾਲ।
ਜੇਠ ਦੀਆਂ ਧੁੱਪਾਂ ਵਿੱਚ, ਰੁੱਖਾਂ ਥੱਲੇ ਛਾਂ ਨਾਹੀਂ
ਐਡਾ ਕੋਈ ਝੁੱਲਿਆ ਸਵਾਲ॥

ਸਦੀਆਂ ਤੋਂ ਜੁੜੇ ਨੈਂਣ, ਜੋਗੀਆਂ ਦੇ ਆਂਣ ਖੁੱਲੇ
ਸੋਰਠ ਦੀ ਉੱਖੜੀ ਕੋਈ ਤਾਮ।
ਕਸ਼ਮੀਰ ਦੀਆਂ ਵਾਦੀਆਂ ‘ਚ, ਚੁੱਪਾਂ ਆਂਣ ਘਰ ਕੀਤੇ
ਹਉਕਿਆਂ ‘ਚੋਂ ਗੂੰਜੇ ਬੋਲ – “ਰਾਮ”॥

ਅਮ੍ਰਿਤਧਾਰਾ ਵਗੀ, ਅਸੀਂ ਧੋਤੇ ਨਾਂ ਦਾਗ਼ ਕਾਲੇ
ਮੜ ਦਿੱਤੇ ਸੱਚੀ ਧਰਮਸਾਲ।
ਧਰਤੀ ਤੇ ਝੁੱਲਿਆ ਨਾਂ, ਕਦੇ ਵੀ ਹਨ੍ਹੇਰ ਐਡਾ
ਲੰਘ ਗਏ ਸਦੀਆਂ ਦੇ ਜਾਲ॥

ਸ਼ਬਦ ਦੇ ਵਿੱਚ ਧੋਤੀ, ਧਰਮ ਦੀ ਨੀਂਹ ਉੱਚੀ
ਦੇਹੀ ਪਾਈ ਇਸ ਗੁਰੂ ਪਾਸ।
ਚਾਂਨਣ ਮੁਨਾਰਾ ਕੋਈ, ਅਮ੍ਰਿਤਧਾਰਾ ਕੋਈ
ਧਰਤੀ ਦਾ ਸੂਹਾ ਗੁਣਤਾਸ॥
ਗੁਰੂ ਦਾ ਅਕਾਲ ਰੂਪ, ਦੇਹੀ ‘ਚ ਪ੍ਰਗਟ ਹੋਇਆ
ਦੇਹੀ ਉੁੱਤੇ ਕੀਤਾ ਪਾਪੀ ਵਾਰ।
ਵਾਰ ਤੇ ਐਸਾ ਕੀਤਾ, ਚਾਂਨਣੀ ਦੇ ਖੰਭਾਂ ਉੱਤੇ
ਲਿਆ ਪਾਪੀ ਖੁਦ ਨੂੰ ਹੀ ਮਾਰ॥

ਚਾਂਨਣ ਮੁਨਾਰੇ ਉੱਚੇ, ਜ਼ਖ਼ਮਾਂ ਤੋਂ ਦੂਰ ਵੱਸੇ
ਬੁੱਝ ਲਉ ਇਹ ਖਾਲਸਾ ਜੀ ਸਾਰ।
ਵੈਰ ਦਾ ਜੁਬਾਬ, ਨਿਰਾ ਵੈਰ ਹੀ ਨਾਂ ਦੇ ਸੱਕੇ
ਜਾਂਣ ਛੇਵੇਂ ਪੀਰ ਦੀ ਨੁਹਾਰ॥

ਰੂਹ ਹਰਿਮੰਦਰ ਉੱਚੀ, ਅਗਨ ਨਾਂ ਜਾਲ ਸਕੇ
ਵਲ਼ ਨਾਂ ਕੋਈ ਸਕਦੀ ਸਰਾਲ਼।
ਧਰਤੀ ਦੇ ਭੈਅ ਵਸ, ਵੰਡੀਆਂ ਨਾਂ ਪਾ ਸਿੱਖਾ
ਉੱਚਾ ਹੋ ਕੇ ਤੱਕ ਉਹ ਜਲਾਲ॥

ਚਾਂਦਨੀ ਦੇ ਚੌਕ ਵਿੱਚ, ਝੱਖੜ ਹਨੇਰ ਝੁੱਲੇ
ਚਾਂਨਣੀ ਦੀ ਘਟਦੀ ਨਾਂ ਲੋਅ।
ਦੇ ਕੇ ਸ਼ਹਾਦਤਾਂ, ਗੋਦ ਅਨੰਦ ਮਿਲੀ
ਸੁਣ ਖਦਰਾਂਣੇ ਕਨਸੋਅ॥

ਧਰਤੀ ਦੀ ਪੀੜ ਐਨੀਂ, ਕਿੰਝ ਇਹ ਸਹਾਰ ਹੋਵੇ
ਕਾਲ ਵੀ ਇਹ ਜਾਂਣਦਾ ਨਾਂ ਸਾਰ।
ਰਾਂਤਾ ਦੇ ਗਜ਼ਬ ਵਿੱਚ, ਰਾਗ ਪ੍ਰਭਾਤ ਛੋਹੀਂ
ਆਪੇ ਮਾਹੀ ਸੁਣ ਲੈਣੀ ਸਾਰ॥ (09 ਮਈ 2008)

*******************************
“ਕਲਸ਼ ਸੁਨਹਰੀ ਹਰਿਮੰਦਰ ਦੇ”* (ਭਾਗ-3)
ਹਰਿਮੰਦਰ ਤੇ ਲਿਸ਼ਕਦੀ,
ਰਾਗ ਅਨੰਤ ਦੀ ਲੋਅ।
ਕਲਸ਼ ਸੁਨਹਰੀ ਵੰਡਦੇ,
ਰਸ ਭਿੰਨੜੀ ਖੁਸ਼ਬੋ॥

ਚੜਿਆ ਦੇਸ ਅੰਝਾਂਣ ਨੂੰ,
ਨਵਾਂ ਰਾਜਸੀ ਚਾਅ।
ਟੁੱਟਦੇ ਤੱਕੇ ਨੀਂਦ ਵਿੱਚ,
ਸੁਪਨੇ ਸਾਹੋ-ਸਾਹ॥

ਧਰਤ ਪੰਜਾਬੇ ਸ਼ੂਕਦੇ,
ਅਣਖ਼ਾਂ ਦੇ ਲੱਖ ਨਾਗ਼।
ਸਹਿਜ ਰੁਹਾਨੀਂ ਬਾਝੜੋਂ,
ਹਾਇ! ਇਕਹਰੇ ਭਾਗ॥

ਅੱਗੇ ਹੋ-ਹੋ ਗੱਜਦੇ,
ਦੇਵਣ ਮੌਤ ਨਾਂ ਰਾਹ।
ਮੌਤ ਨਿਮਾਂਣੀ ਢਹਿ ਪਈ,
ਐਡਾ ਤੱਕ ਜਲਾਅ॥

ਕੱਠੀ ਕੀਤੀ ਫੋਜ ਦੇਸ,
ਨਾਲ ਹਥਿਆਰ ਨਵੀਂਨ।
ਡੋਬ ਨਾਂ ਸੱਕਣਗੇ ਕਦੇ,
ਨਾਹਰਾ ਜਿੱਤ ਪ੍ਰਾਚੀਨ॥

ਦੂਰੋਂ ਦੇਸ ਕੁਲੱਛਣੇਂ,
ਫੋਜਾਂ ਟੁਰੀਆਂ ਹੋ।
ਪਾਰ ਥਲਾਂ ਵਿੱਚ ਪੈ ਰਹੀ,
ਕਰਬਲਾ ਕਨਸੋਅ॥

ਸੁਰਤ ਕੰਬੀ ਧੁਰ ‘ਮੀਰ’ ਦੀ ,
ਦੇਖ ਧਰਤ ਦੇ ਰਾਹ।
ਕੀਕਣ ਪੈਦਾ ਹੋ ਗਿਆ,
ਕਿਆਮਤ ਜੇਡ ਤਣਾਂਅ॥

ਯਾਦ ਨਬੀ ‘ਚੋਂ ਲੰਘ ਗਈ,
ਹਸਨ-ਹੁਸੈਨ ਦੀ ਹੂਕ।
ਤੱਕੇ ਪਾਕਿ ਸਰੋਵਰ ਕੰਢੇ,
ਸੁੱਤੇ ਨੀਂਦਰ ਘੂਕ॥

ਜਿਉ-ਜਿਉ ਫੋਜਾਂ ਵਧਦੀਆਂ,
ਧਰਤ ਦਾ ਕੰਬੇ ਜੇਰਾ।
ਤਖਤ ਅਕਾਲ ਤੇ ਲਾ ਲਿਆ,
ਮੱਲ ਗੁਸਾਂਈ ਦੇ ਡੇਰਾ॥

ਗਜ-ਗਜ ਚੋੜੇ ਸੀਨੜੇ,
ਦਰਿਆਂਵਾਂ ਦਾ ਰੋਹ।
ਤੁਰਦੇ ਅਣਖ਼ੀ ਸ਼ੇਰ ਪੁੱਤ,
ਮੌਤ ਤੋਂ ਅੱਗੇ ਹੋ॥

ਡਾਢੀ ਚੰਦਰੀ ਫੋਜ ਨੇਂ,
ਘੇਰਾ ਘੱਤ ਲਿਆ ਕੋਲ।
ਨਿਕੜੇ-ਨਿਕੜੇ ਸਹਿਮ ਗਏ,
ਮਾਂ ਦੀ ਨਿੱਘੜੀ ਝੋਲ॥

ਕੱਠੇ ਸਿੰਘ ਜਰਨੈਲ ਦੇ,
ਕਰਨ ਅਰਦਾਸ ਖਲੋ।
ਕਲਸ਼ ਸੁਨਹਰੀ ਵੰਡਦੇ,
ਰਾਗ ਅਨੰਤ ਦੀ ਲੋਅ॥

ਉੱਚੜਾ ਮੱਲ ਦੁਮਾਲੜਾ,
ਜੁੜਿਆ ਵਿੱਚ ਅਰਦਾਸ।
ਟਾਪ ਨੀਲੇ ਦੀ ਸੁਣੀ ਨਾਂ,
ਸੀ ਜਿਸਦੀ ਅੱਜ ਆਸ॥

ਜੋ ਡਰਿਆ ਕਦੇ ਨਾਂ ਮੌਤ ਤੋਂ,
ਅੱਜ ਵੀ ਖੜਾ ਅਗਾਂਹ।
ਤੱਕਿਆ ਉਸਦੀ ਸੁਰਤ ਨੇਂ,
ਬਿਹਬਲ - ਸਿੰਘ ਮਹਾਂ॥

ਨੈਣੀਂ ਉਸਦੇ ਨੀਰ ਸੀ,
ਮੁੱਖੜਾ ਪਿਆ ਉਦਾਸ।
ਹਿਰਦੇ ਦੇ ਵਿੱਚ ਜਗ ਰਹੀ,
ਬਾਜ ਗੁਰੂ ਦੀ ਆਸ॥

ਗੋਲ਼ੀ ਇੱਕ ਕੋਈ ਚੰਦਰੀ,
ਗੂੰਜੀ ਘੋਰ ਪਤਾਲ਼।
ਛੂਹ ਕੇ ਕਲ਼ਸ਼ ਸੁਨਹਿਰੀ ਉੱਚੇ,
ਖੁੱਭ ਗਈ ਤਖ਼ਤ ਅਕਾਲ॥

ਇਕੋ ਪਲ ਵਿੱਚ ਖੁੱਲ ਗਿਆ,
ਰਾਜ਼ ਰੁਹਾਨੀ ਜੋ।
ਹਰਿਮੰਦਰ ਤੇ ਲਿਸ਼ਕਦੀ,
ਰਾਗ ਅਨੰਤ ਦੀ ਲੋ॥

ਕਿੱਥੇ ਅੱਜ ਉਹ ਖੜ ਗਿਆ,
ਲੈ ਜੰਗੀ ਅਸਮਾਨ।
ਪਿੱਛੇ ਉਸਦੇ ਫੋਜ ਹੈ,
ਅੱਗੇ ਨਕਸ਼ ਰੁਹਾਨ॥

ਨਿੱਕੀ ਲੱਗੀ ਮੌਤ ਉਸ,
ਤੁੱਛ ਲੱਗੀ ਜਿੱਤ-ਹਾਰ।
ਤੱਕਿਆ ਬੰਦੇ ਸਿੰਘ ਨੂੰ,
ਸੁਰਤ ਦੇ ਗਹਿਰੇ ਸਾਰ॥

ਹੋਂਠ ਬੰਦੇ ਦੇ ਚੁੱਪ ਸੀ,
ਨੈਣੀ ਨੀਰ ਭਰੇ।
ਖੋਹਲੇ ਉਸਦੇ ਦਰਸ ਨੇ,
ਉੱਚੜੇ ਰਾਜ਼ ਖ਼ਰੇ॥

“ਕੱਲੜੀ ਅਣਖ਼ ਨਾਂ ਚੱਕਦੀ,
ਪੰਥ ਸੁਰਤ ਦਾ ਭਾਰ।
ਬਾਝ ਰੁਹਾਨੀ ਜਲੌ ਦੇ,
ਝੱਲਦੀ ਅੰਤ ਖੁਆਰ॥”

ਹੱਥ ਜੁੜੇ ਸੀ ਮੱਲ ਦੇ,
ਨੈਣੀ ਛਲਕਿਆ ਨੀਰ।
ਜਿਨ-ਜਿਨ ਤੱਕਿਆ ਸੰਤ ਨੂੰ,
ਬੰਧਨ ਕਟੇ ਸਰੀਰ॥

ਬੇਪਰਵਾਹ ਉਹ ਕੂਕਿਆ,
ਬਖਸੇ਼ ਜਾਣ ਗੁਨਾਹ।
ਹਰਿਮੰਦਰ ਦੇ ਜ਼ਖਮ ਨੇਂ,
ਜਿੱਤ ਹਾਰ ਤੋਂ ਗਾਂਹ॥

ਚਾਰੇ ਪਾਸੇ ਗੂੰਜ ਰਹੀ,
ਗੋਲੀਆਂ ਦੀ ਠਾਂ-ਠਾਂ।
ਦੁਸ਼ਮਣ ਵੀ ਪਰਵਾਨ ਭਇਆ,
ਮਰ ਕੇ ਉੱਚੜੀ ਥਾਂ॥

ਦਾਅ ਤੇ ਲੱਗ ਗਈ ਦੇਸ ਦੀ,
ਫੋਕੀ ਸ਼ੁਹਰਤ ਆਂਣ।
ਅੱਠੇ ਪਹਿਰ ਸੀ ਝੁੱਲ ਰਿਹਾ,
ਮਜੀਠ ਸਿੰਘਾ ਦਾ ਤਾਂਣ॥

ਝੌਕੇਂ ਉੱਚ ਦੁਆਰ ਤੇ,
ਟੈਕ ਦੇ ਗੋਲੇ਼ ਆ।
ਉਹ ਵੀ ਨੀਵਾਂ ਬਹਿ ਗਿਆ,
ਕੋਲ ਸ਼ਹੀਦੀ ਥਾਂ॥

‘ਮੱਲ’ ‘ਬੰਦੇ’ ਨੂੰ ਪੁੱਛਿਆ,
“ਬੋਲ ਪੁੱਗਣਗੇ ਨਾਂ”?
ਅਥਰੂ ਛਲਕ ਉਹ ਬੋਲਿਆ,
“ਹਉਂ ਖਾਲਸੇ ਦਾ”॥

ਆਸ ਬੱਝੀ ਜਰਨੈਲ ਦੀ,
ਸੁਰਤ ਕੀਤੀ ਪਰਵਾਜ਼।
ਹਾਇ! ਸੁਰਤ ਕੀ ਦੇਖਿਆ,
ਕੀਕਣ ਦੱਸਾਂ ਰਾਜ਼॥

ਤੱਤੀ ਤਵੀ ਤੇ ਸਤਿਗੁਰ ਬੈਠੇ,
ਅੱਗ ਦੇ ਲਪਟ ਬਲੇ਼।
ਨੂਰੋ-ਨੂਰ ਕੋ ਚਰਨ ਗੁਰਾਂ ਦੇ,
ਸੂਹੀ ਰੇਤ ਜਲੇ਼॥

ਹਉਕਾ ਨਿਕਲਿਆ ਮੁੱਖ ਜਰਨੈਲੀਂ,
ਡਿੱਗਿਆ ਚਰਨ ਭੌਂਇ।
ਏਨੀ ਵੱਡੀ ਪੀੜ ਕਾਲ ਦੀ,
ਕੀਕਣ ਝੱਲ ਹੋਇ॥

ਉਮਰਾਂ ਦੀ ਅਰਦਾਸ ਦਾ,
ਅਸਰ ਦਿਖਾਇ ਜੀ।
“ਸਗਲ ਭਵਨ ਕੇ ਨਾਇਕਾ
ਇਕੁ ਛਿਨੁ ਦਰਸੁ ਦਿਖਾਇ ਜੀ”॥

ਚਹੁੰ ਪਾਸੇ ਸੀ ਉਮਲਦੀ,
ਗੋਲਾ਼-ਬਰੂਦ ਪਰਲੌ।
ਕਲਸ਼ ਸੁਨਹਰੀ ਵੰਡ ਰਹੇ,
ਰਸ ਭਿੰਨੀ ਖ਼ੁਸ਼ਬੋ॥

ਚਹੁੰ ਪਾਸੇ ਹਨ੍ਹੇਰ ਵਿੱਚ,
ਪਏ ਚਮਕਣ ਕਲਸ਼ ਅਕਾਸ਼।
ਟਾਪ ਨੀਲੇ ਦੀ ਗੂੰਜ ਪਈ,
ਉਡ ਬਾਜ ਰਿਹਾ ਸੀ ਪਾਸ॥

ਸਹਿਜ ਮੱਥੇ ਤੇ ਚਮਕਿਆ,
ਪੁੱਗੀ ਆਸ ਅਖੀਰ।
ਫਰਕ ਸੁਰਤ ਦੇ ਮਿਟ ਹੋਏ,
ਦਰਸਨ ਉੱਚ ਦੇ ਪੀਰ॥

ਚੁੱਕ ਕੇ ਵਡ ਸੰਗੀਨ ਨੂੰ,
ਲਏ ਪਿਆਰੇ ਨਾਲ।
ਤਖ਼ਤ ਅਕਾਲ ਤੋਂ ਗਰਜਿਆ,
ਮੱਲ ਗੁਰੂ ਦਾ ਲਾਲ॥

ਤੱਕੀ ਧਰਤ ਨੇਂ ਫੇਰ ਤੋਂ,
ਮੁੱਢ ਕਦੀਮ ਨੁਹਾਰ।
ਸੱਚੜੇ ਕੌਲ਼ ਨਿਭਾ ਰਿਹਾ,
ਦੀਪ ਸਿੰਘ ਦਾ ਯਾਰ॥

ਅੱਡੇ ਰਹਿ ਗਏ ਖੋਫ਼ ਨਾਲ,
ਚੰਦੂਆਂ-ਡੱਲਿਆਂ ਮੂੰਹ।
ਵੇਖ ਕੋ ਲਾੜਾ ਚੱਲਿਆ,
ਮਿਲਣੇਂ ਮਾਹੀ ਨੂੰ॥

ਹਰਿਮੰਦਰ ਦੇ ਦੁਆਰ ਤੇ,
ਲਟ-ਲਟ ਬਲ਼ੀ ਕੋ ਲੋ।
ਕਲਸ਼ ਸੁਨਹਰੀ ਵੰਡ ਰਹੇ,
ਰਸ ਭਿੰਨੜੀ ਖੁਸ਼ਬੋ॥

ਸ਼ਹੀਦ, ਮਾਹੀ ਨੇ਼ ਗੋਦ ਬਿਠਾਇਆ,
ਭਰਵੇਂ ਦਾਹੜੇ ਛਾਂ।
ਨੂਰੋ-ਨੂਰ ਹੋਰ ਇੱਕ ਤੁਪਕਾ,
ਤੱਕਿਆ ਸਿੰਘ ਮਹਾਂ॥

******************************
ਨੋਟ: ਭਾਈ ਦਲਜੀਤ ਸਿੰਘ ਜੀ ਖਾਲਸਾ
ਨੂੰ ਸਮਰਪਿਤ।

ਬਲਬੀਰ ਸਿੰਘ ਅਟਵਾਲ (12 ਮਈ 2008)

No comments: