ਊੜਾ
ਕਰੀਰਾਂ ਤੇ ਪਿੱਪਲ ਬੋਹੜਾਂ ਵਾਲਾ
ਬਾਬੇ ਦਾ ਵਿਹੜਾ
ਖੂਹ ਦੀ ਵਗਦੀ ਖਾਲ਼’ਤੇ
ਮੈ ਨੰਨਾ ਜਿਹਾ ਬਾਲ
ਆਪਣੀ ਫੱਟੀ ਪੋਚਦਾ ਨਿੱਕਾ ਕਿਣਕਾ
ਹੇਠ ਮੇਰੇ ਚਾਂਦੀ ਦਾ ਦਰਿਆ ਵਗਦਾ
ਤੇ ਨਿੱਕੇ ਨਿੱਕੇ ਹੱਥ ਭਿਉਂ ਭਿਉਂ
ਫੱਟੀ ਤੇ ਫੇਰਦਾ
ਨੰਨ੍ਹੇ ਹਥਾਂ ਵਿੱਚ ਫੜੀ ਸੋਨੇ ਦੀ ਡਲੀ
ਮੇਰੀ ਫੱਟੀ ਨੂੰ ਨਿਖਾਰਦੀ
ਫੱਟੀ ਮੇਰੀ ਸੋਨ ਕਮਲ ਦੀ ਪੱਤੀ
ਬਾਬੇ ਦੇ ਬੋਹੜਾਂ ਦੇ ਟਾਹਣ ਵੇਖ ਵੇਖ
ਹਿੱਕ ਵਿੱਚ ਅੰਬਰਾਂ ਦਾ ਤਾਣ ਭਰਦਾ
ਮੈ ਨਿੱਕਾ ਜਿਹਾ ਬਾਲ ਸੂਰਜ ਨੂੰ ਹੁਕਮ ਕਰਦਾ
ਆ ਮੇਰੀ ਫੱਟੀ ਸੁਕਾ
ਘੜੀ ਮੁੜੀ ਝੋਲੇ’ਚ ਪਈ ਕਾਨੀਂ
ਕੱਢ ਕੱਢ ਵੇਖਦਾ
ਕਾਨੀਂ ਨਹੀਂ ਬਣੀ
ਇਹ ਧਰਤਿ ਦੀ ਘਾਲ਼ ਥਾਇਂ ਪਈ
ਆਪਣੀ ਇਹ ਦੁਨੀਆ ਲੈ
ਜਾਇ ਬੈਠਾ ਮੈ ਓਸਦੀ ਹਜੂਰੀ’ਚ
ਬੈਠਾ ਜੋ ਮਾਰ ਚੌਂਕੜਾ
ਉਂਚ ਦੁਮਾਲੜੇ ਵਾਲਾ
ਨੂਰ ਦਾ ਪਹਾੜ ਕੋਈ
ਨੈਣਾਂ’ਚੋਂ ਮਿਹਰ ਦੀ ਰਿਸ਼ਮ ਫੁਂਟੀ
ਓਸ ਹੱਥ ਮੇਰੇ ਸਿਰ ਤੇ ਰੱਖਿਆ
ਬਾਬੇ ਦਾ ਅੱਖਰ ਮੇਰੀ ਫੱਟੀ ਤੇ ਮਘਣ ਲੱਗਾ
ਅੱਖਰ ਨਹੀਂ ਕਰਾਮਾਤ ਇਹ
ਕੁੱਲ ਕਾਇਨਾਤ ਘੁੰਮਦੀ ਦਿਸੇ ਏਸ ਅੱਖਰ’ਚੋਂ
ਫੇਰ ਜਦ ਮੁੜਿਆ ਤਾਂ
ਅੰਬਰ ਨਿੱਕਾ ਨਿੱਕਾ ਲੱਗਿਆ
ਜੀ ਕਰੇ ਸੂਰਜ ਨੂੰ ਹੱਥ’ਚ ਫੜ੍ਹ ਲਵਾਂ
ਬਾਬੇ ਦੀ ਮਿਹਰ ਨਾਲ
ਨਿੱਕਾ ਜਿਹਾ ਬਾਲ ਨਿੱਕਾ ਰੱਬ ਹੋ ਗਿਆਂ
ਮੈ ਅੱਜ ਬਾਬੇ ਦਾ ਅੱਖਰ ਪਾਉਣਾ ਸਿੱਖ ਲਿਆ
ਮੈ ਅੱਜ ਊੜਾ ਪਾਉਣਾ ਸਿੱਖ ਲਿਆ
kawaljit singh ( sri amritsar)
1 comment:
bahut vadhiya ji
Post a Comment