Saturday, November 24, 2007

ਤੁਸੀ ਕਵਣ ਦੇਸ ਤੋਂ ਆਏ ।

ਤੁਸੀ ਕਵਣ ਦੇਸ ਤੋਂ ਆਏ ।

ਤੁਸੀ ਕਵਣ ਦੇਸ ਤੋਂ ਆਏ, ਰਾਜਾ ਜੀ
ਕਵਣ ਦੇਸ ਤੋਂ ਆਏ ॥

ਸੁੰਦਰ ਮੁੱਖੜੇ, ਬਾਂਕੇ ਲੋਇਣ
ਕੁੰਡਂਲੀ ਪੰਖ ਸਜਾਏ, ਰਾਜਾ ਜੀ
ਕਵਣ ਦੇਸ ਤੋਂ ਆਏ ॥

ਨੀਲੇ-ਨੀਲੇ ਨੈਣਾਂ ਦੇ ਚੋਜ ਅਨੋਖੇ
ਮਥੁਰਾ ਮਹਿਕੀ ਜਾਏ, ਰਾਜਾ ਜੀ
ਕਵਣ ਦੇਸ ਤੋਂ ਆਏ ॥

ਸੁੰਨਿਆਂ ਬਾਗਾਂ ਵਿੱਚ ਪੂਰਨ ਦੀ ਫੇਰੀ
ਧਰਤ ਮੋਲਦੀ ਜਾੲ,ੇ ਰਾਜਾ ਜੀ
ਕਵਣ ਦੇਸ ਤੋਂ ਆਏ ॥

ਨਟਖਟ ਕ੍ਹਾਨ ਦੇ ਨਾਜ਼ ਨਿਆਰੇ
ਭਾਗ ਕਦੰਬਾਂ ਨੂੰ ਲਾਏ, ਰਾਜਾ ਜੀ
ਕਵਣ ਦੇਸ ਤੋਂ ਆਏ ॥

ਨਿੱਕੇ-ਨਿੱਕੇ ਕਦਮਾਂ ‘ਚ ਕਹਿਰਾਂ ਦੀ ਮਸਤੀ
ਨਜ਼ਰ ਕੈਲਾਸ਼ ਤੀਕ ਜਾਏ, ਰਾਜਾ ਜੀ
ਕਵਣ ਦੇਸ ਤੋਂ ਆਏ ॥

ਬਾਬੁਲ ਦੇ ਦਰ ਤੇ ਬਖ਼ਸ਼ ਦਾ ਚਾਨਣ
ਸੱਚੜੇ ਲੇਖ ਲਿਖਾਏ, ਰਾਜਾ ਜੀ
ਕਵਣ ਦੇਸ ਤੋਂ ਆਏ ॥



ਬਲਬੀਰ ਸਿੰਘ ਅਟਵਾਲ 21 ਨਵੰਬਰ 07

Tuesday, October 30, 2007

ਟਰਾਂਟੋ ਵਿੱਚ ਬਣੇ ਆਲੀਸ਼ਾਨ ਮੰਦਰ ਦੇ ਸੰਦਰਭ ‘ਚ


ਟਰਾਂਟੋ ਵਿੱਚ ਬਣੇ ਆਲੀਸ਼ਾਨ ਮੰਦਰ ਦੇ ਸੰਦਰਭ ‘ਚ

ਝੂਲਣ ਵਿੱਚ ਪਰਦੇਸ
ਅੰਬਰ ਸੋਹਣੇਂ।
ਝੰਡੇ ਮੰਦਰ ਦੁਧੀਆ ਰੰਗੇਂ
ਸੰਗ ਦੇ ॥

ਜੋ ਝੂਲਣਂ ਵਿੱਚ ਅਕਾਸ
ਮਾਹੀ ਦੇ ਰੰਗ ਵਿੱਚ ।
ਖੋਲ਼ਣ ਭੇਦ ਅਪਾਰ
ਰਾਹੀ ਦੀ ਸੁਰਤ ਤੇ ॥

ਖੜਾ ਕੋ ਧਰਤ ਪਰਾਈ
ਅੰਗ਼ਦ ਦੀ ਸਾ਼ਨ ਨਾਲ ।
ਚਮਕਣ ਕਲਸ਼ ਅਪਾਰ
ਵਾਂਗ ਕੈਲਾਸ਼ ਦੇ ॥

ਸੰਗ ਦਾ ਸੱਚਾ ਰੂਪ
ਖੜਾ ਨਾਂ ਸੁੰਨ ਵਿੱਚ ।
ਜਾਂਣੇ ਬੋਲ ਅਬੋਲ
ਤੇਜਸਵੀ ਰਾਮ ਦੇ ॥

ਮੁੱਕੀ ਧਰਤ ਉਡੀਕ
ਹੋਈ ਪੂਰੀ ਕਰਾਮਾਤ ।
ਜਾਗੀ ਵਾਂਗ ਅਹਿੱਲਿਆ
ਛੂਹ ਕੇ ਚਰਨ – ਧੂੜ ॥

ਮੂਲੋਂ ਇੱਕ ਇਮਾਰਤ
ਨਾਂ ਇਸ ਜਾਂਣੀਉ ।
ਉੱਚੇ ਪ੍ਰੇਮ ‘ਚ ਘੜਿਆ
ਹਰ ਕਾ ਬੁੱਤ ਇਹ ॥

ਇਹਦੇ ਥੰਮੜਾਂ ਦੇ ਸਪਰਸ਼
ਪਵਣਂ ਪਈ ਤਰਸਦੀ ।
ਜਿੱਥੇ ਵਸਦਾ ਪ੍ਰਭ “ਸਿੰਘ” ਆਪ
ਪਾਪ ਸੰਘਾਰ ਨੂੰ ॥

ਇਹ ਕੰਤ ਪ੍ਰੇਮ ਵਿੱਚ ਲੀਨ
ਸੀਆ ਦੀ ਬੰਦਗੀ ।
ਅਸ਼ੋਕ ਵਾਟ ‘ਚ ਰਹੀ ਅਡੋਲ
ਇਹ ਉੱਚੀ ਸੁੱਚਤਾ ॥

ਗੁੱਝੜਾ ਕੋਈ ਭੇਦ
ਹਰੀ ਦੇ ਰਾਹ ਦਾ।
ਪੁੱਗਦਾ ਆਂਣ ਅਖੀਰ
ਨਾਨਕ ਦੇ ਦਰ ਤੇ ॥

ਉੱਚੀ ਅਤੇ ਅਡੋਲ
ਪ੍ਰਭੂ ਦੀ ਬੰਦਗੀ।
ਕਹਿਰਵਾਨ ਸਮੇਂ ਦੀ
ਝੱਲੇ ਮਾਰ ਨੂੰ ॥

ਸੱਚੜਾ ਇਸਦਾ ਭੇਦ
ਗੁਰੂ ਨੂੰ ਭਾਅ ਗਿਆ ।
ਦਿੱਤੀ ਆਪ ਸ਼ਹਾਦਤ
ਇਸਦੀ ਰੱਖ ਲਈ ॥

ਜੋ ਝੂਲਣਂ ਵਿੱਚ ਅਕਾਸ
ਮਾਹੀ ਦੇ ਰੰਗ ਵਿੱਚ ।
ਖੋਲ਼ਣ ਭੇਦ ਅਪਾਰ
ਰਾਹੀ ਦੀ ਸੁਰਤ ਤੇ ॥

ਬਲਬੀਰ ਸਿੰਘ ਅਟਵਾਲ
(30 ਅਕਤੂਬਰ 07)

Wednesday, October 10, 2007

“ਜਿਨ ਸੱਚ ਪੱਲੇ ਪਿਆ”



“ਜਿਨ ਸੱਚ ਪੱਲੇ ਪਿਆ”


ਉਮਰੋਂ ਲੰਮਾ ਦਿਨ ਟੁਰ ਗਿਆ,

ਸ਼ਾਮ ਦੀ ਬਿਗਾਨੀ ਜਹੀ ਭਾਹ ॥

ਆਪਣੀ ਮਿੱਟੀ ਦੀ ਯਾਦ ਸਤਾਵੇ

ਧਰਤ ਬਿਗਾਨੜੀ ਤੇ ਆ ॥


ਜ਼ੁਲਫਾਂ ਦੀ ਛਾਵੇਂ ਚਲਦੇ – ਚਲਦੇ

ਫਸ ਗਏ ਉਲਝਣ ਚ ਆ ॥

ਅੰਯਾਂਣੇ ਪੰਖੇਰੁਆ ਨੂੰ ਲੁੱਟਿਆ ਕਿਸੇ ਨੇ

ਠੀਕਰਾਂ ਦੀ ਚਮਕ ਦਿਖਾ ॥


ਘੋਰ ਬਣਾਂ ਵਿੱਚ ਚੋਗਾ ਚੁਗਦੇ

ਕੁੱਦਿਆ ਕੋਈ ਹੁਦਰਾ ਚਾਅ ॥

ਸੋਨੇਂ ਦਿਆ ਮਿਰਗਾਂ ਦੀ ਛਮ-ਛਮ ਪਿੱਛੇ

ਗਏ ਇੱਧਰ ਨੂੰ ਆ॥


ਨਿੱਕੇ-ਨਿੱਕੇ ਝਰਨੇਂ ਕਲ਼-ਕਲ਼ ਵਗਦੇ

ਝੀਲਾਂ ਚ ਚੰਨ ਪਿਆ॥

ਦੁੱਧ ਚਿੱਟੀ ਚਾਨਣੀ ਧਰਤ ਨੇਂ ਕੱਜੀ

ਰਾਹੀਆ ਵੇ ਭੁੱਲ ਗਿਓ਼ ਰਾਹ ॥


ਰੰਗ – ਬਰੰਗੇ ਵਣ ਪਿਆ ਰੰਗਿਆ

ਸੁਰਖ਼ ਪੱਤੀਆਂ ਦੇ ਚਾਅ॥

ਹਰ ਰੰਗ ਬਾਝੋਂ ਪਿਆ ਇਹ ਮਾਰੇ

ਸੱਖਣੀ ਸੱਖਣੀ ਭਾਅ ॥


ਘੁੱਗੀਆਂ, ਕਬੂਤਰਾਂ ਤੇ ਚਿੜੀਆਂ ਦੇ ਝੁਰਮਟ

ਪੋਣਾਂ ਸੁਗੰਧੜੀਆਂ ॥

ਤਜ ਕੇ ਧਰਤ ਫਕੀਰੀ ਵਾਲੀ

ਖੱਟਿਆ ਕੀ ਮਹਿਲਾਂ ਚ ਆ ॥


ਸੋਹਣੇ ਰੁੱਖ ਭਰਾਵਾਂ ਵਰਗੇ

ਵੇਖਣ ਨੂੰ ਤਰਸ ਗਿਆ ॥

ਉਮਰਾਂ ਦੇ ਕੰਮੀ ਭੁੱਲ ਗਿਆ ਮਾਏ

ਘਰ ਪਰਤਣ ਦਾ ਰਾਹ ॥


ਗੁਰ ਪੂਰੇ ਅਰਦਾਸ ਕਰੇਂਦਾ

ਮਿਹਰਾਂ ਦਾ ਮੀਂਹ ਵਰਸਾ ॥

ਨਿੱਕੇ-ਨਿੱਕੇ ਬੋਟਾਂ ਨੇ ਦਸਤਕ ਦਿੱਤੀ

ਸਾਂਝਾ ਦਾ ਬੀਜ ਪਿਆ ॥


ਸ਼ਬਦ ਮਾਹੀ ਦੇ ਭੇਦ ਸੁਝਾਇਆ

ਕਦਮਾਂ ਦਿਖਾਇਆ ਰਾਹ॥

‘ਸੇਈ ਜਨ ਪ੍ਰਵਾਨ ਹੋਏ

ਜਿਨ ਸੱਚ ਪੱਲੇ ਪਿਆ’॥


ਬਲਬੀਰ ਸਿੰਘ ਅਟਵਾਲ

( 1 ਅਕਤੂਬਰ 07 )

Sunday, September 30, 2007

“ਗੁਰਸਿੱਖ ਪਿਆਰੇ ਦੇ ਨਾਂ *”

“ਗੁਰਸਿੱਖ ਪਿਆਰੇ ਦੇ ਨਾਂ *”

ਬਾਗਾਂ ਦਾ ਕੋ ਯਾਰ ਵੰਝੀਦਾ
ਵਾਟ ਇਸ਼ਕ ਦੀ ਜਾਂਣੇਂ
ਤਪਦੇ ਥ਼ਲ ਦੀਆਂ ਕੋ ਕੁਰਲਾਹਟਾਂ
ਥ਼ਲ ਦੀ ਰਮਜ਼ ਪਛਾਂਣੇ ।।

ਖ਼ਦਰਾਣੇਂ ਦੀ ਢਾਬ ਦੇ ਉੱਤੇ
ਨੂਰ ਦਾ ਚਾਂਨਣ ਵੱਸੇ
ਵਿਰਲੀ ਸੁਰਤ ਗੁਰੁ ਬਖ਼ਸਿ਼ਸ਼ ਦੇ
ਡੂੰਘੇ ਰਾਜ਼ ਪਛਾਂਣੇ ।।

ਨੈਣਾਂ ਦੇ ਵਿੱਚ ਨੀਰ ਕੌਮ ਦਾ
ਮਸਤਕ ਸੋਚ ਡੂਘੇਂਰੀ
ਬਣ ਬਣ ਜਾਂਦੇ ਰਾਹੀ ਮੋੜੇਂ
ਗਰੁ ਬਖਸ਼ ਦੇ ਬਾਂਣੇਂ ।।

ਸਬਰ ਕੋ ਤੇਰਾ ਸਮੇਂ ਤੋ ਲੰਮਾਂ
ਸਾਂਝ ਜਿਸਮ ਤੋ ਅੱਗੇ
ਓੜਕ ਨਿਭਦਾ ਨਾਲ ਸੱਜਣ ਦੇ
ਨਿਭਦੇ ਨਾਂ ਜਰਵਾਂਣੇਂ ।।

ਸਿਰਜਣਾਂ ਤੋ ਪਾਰ ਮੰਡਲ ਤੱਕ
ਸੁਰਤ ਤੇਰੀ ਦੇ ਫੇਰੇ
ਸ਼ੰਕੇ ਕਾਲ ਦੇ ਦੂਰ ਕਰੇਂਦਾ
ਦੈਵੀ ਬੋਲ ਨੂੰ ਜਾਂਣੇ ।।

ਅਨੁਭਵ ਉੱਚਾ, ਜੀਵਨ ਉੱਚਾ
ਦੇਂਦਾ ਨਾਦ ਹੁਲਾਰੇ
ਸੋਦਰ ਦੀ ਲੋਅ ਵਿੱਚ ਜਗਦਾ
ਪਰਤ ਹਨੇਰੀ ਛਾਂਣੇਂ ।।
ਬਲਬੀਰ ਸਿੰਘ ਅਟਵਾਲ

* ਪ੍ਰੋ. ਜਗਦੀਸ਼ ਸਿੰਘ ( ਸ੍ਰੀ ਅਮ੍ਰਿਤਸਰ ) ਦੇ ਸੰਦਰਭ ‘ਚ

“ਚੁੱਪ”

“ਚੁੱਪ”

ਉਦਾਸ ਦਿਲ ਹੈ, ਜਹਾਂ ਚੁੱਪ ਤੇ ਸੜਕ ਸ਼ਾਂਤ
ਜਿਂ਼ਦਗੀ ਦਾ ਇਹ ਕਿਹੜਾ ਮੁਕਾਂਮ ਹੈ।
ਜਿੱਥੇ ਦੂਰ ਤੱਕ ਖਾਮੋਸ਼ੀ ਹੈ ਪਸਰੀ ਹੋਈ
ਦਿਸਹਿੱਦਿਆਂ ਤੱਕ ਵਿਰਾਂਨ ਚੁੱਪ ਦਾ ਰਾਜ ਹੈ
ਕੋਈ ਅੰਦਰਲੀ ਚੁੱਪ ਹੈ ਬਾਹਰ ਦਿਸ ਰਹੀ ?

ਇਹ ਕਿਹੜਾ ਮੁਕਾਂਮ ਦਸਤਕ ਹੈ ਦੇ ਰਿਹਾ
ਦਸਤਕ ਹੈ ਦੇ ਰਿਹਾ ਪਰ ਚੁੱਪ – ਚਾਪ
ਲਬਾਂ ਦੀ ਦਹਿਲੀਜ਼ ਸ਼ਾਤ ਹੈ
ਦਿਲ ਦੀ ਧਕ – ਧਕ ਹੈ ਸਾਂਤ ਜਹੀ
ਅੰਦਰ ਤੱਕ ਚੁੱਪ ਹੈ – ਬਸ ਚੁੱਪ ਹੈ
ਇਹ ਕਿਹੜਾ ਮੁਕਾਂਮ ਹੈ
ਕੋਈ ਦੱਸੇ ਇਸ ਮੰਜਿ਼ਲ ਦਾ ਨਾਂ
ਕੋਈ ਹੱਥ ਫੜੇ ਮੇਰਾ
ਕੋਈ ਪੱਲਾ ਫੜਾਵੇ
ਤੇ ਮੈਨੂੰ ਇਸ ਚੁੱਪ ਦੇ ਦਿਸਹਿੱਦੇ ਤੋ
ਰਾਤ ਦੇ ਹਨੇਰੇ ਤੋਂ
ਪਰਲੇ ਬੰਨੇ
ਖੁਸ਼ੀਆਂ ਦੇ ਦੇਸ, ਰੋਸ਼ਨੀਆਂ ਦੇ ਦੇਸ
ਛੱਡ ਦੇਵੇ।
ਕੋਈ ਹੱਥ ਫੜੇ ਮੇਰਾ
ਮੇਰਾ ਤਰਲਾ ਪਸਰ ਰਿਹਾ ਚੁੱਪ – ਚਾਪ
ਮੇਰੀ ਉਡੀਕ ਚੁੱਪ – ਚਾਪ ਉਡੀਕਦੀ
ਕੋਈ ਹੁਣੇ ਸਾਂਭੇ ਮੈਨੂੰ
ਕਿਤੇ ਚੁੱਪ ਦੇ ਦੇਸ ਮੈਨੂੰ ਸੁੱਟ ਹੀ ਨਾਂ ਦੇਂਣ
ਗਿਆਨ ਦੀ ਨੀਰਸਤਾ ‘ਚ
ਜਿੱਥੇ ਦੂਰ ਤੱਕ ਕੁੱਝ ਵੀ ਨਹੀ
ਦਿਸਹਿੱਦਾ ਵੀ ਨਹੀ
ਜਿੱਥੇ ਨਜ਼ਰ ਕਿਤੇ ਨਹੀ ਜਾਂਦੀ
ਮੈਂ ਅੱਕ ਰਿਹਾਂ ਹਾ
ਚੱਪ ਘਰ ਕਰ ਰਹੀ ਮੇਰੇ ‘ਚ
ਮੇਰੇ ਲਬ ਸ਼ਾਤ ਨੇਂ
ਮਨ ਦੀ ਭਟਕਣ ਹੈ ਸ਼ਾਂਤ ਜਹੀ
ਇਕ ਤਰਲਾ ਸ਼ਾਂਤ ਜਿਹਾਦਮ ਤੋੜ ਰਿਹਾ ਚੁੱਪ – ਚਾਪ
“ਕੋਈ ਹੱਥ ਫੜੇ ਮੇਰਾ”
ਸਾਰਾ ਜਹਾਨ ਚੁੱਪ ਹੈ
ਚੁੱਪ ਹੀ ਗੂਂਜ ਰਹੀ ਦੂਰ – ਦੂਰ ਰੋਹੀਆਂ ‘ਚ
ਬਜ਼ਾਰਾਂ ‘ਚ ਚੁੱਪ ਦਾ ਸ਼ੋਰ ਹੈ
ਗਲੀਆਂ ਚੁੱਪ ਹਨ, ਚੁੱਪ ਦਾ ਨਾਚ ਹੈ
ਅਸਮਾਨ ਚੁੱਪ ਹੈ ਤਾਰੇ ਚੁੱਪ ਨੇ
ਬੇਲਿਆਂ ‘ਚ ਪਸ਼ੂ ਨੇ ਚੁੱਪ ਚਾਪ ਦੇਖ ਰਹੇ
ਹੀਰਾਂ ਚੁੱਪ ਨੇ ਸੱਸੀਆਂ ਚੁੱਪ ਨੇ
ਚੁੱਪ ਦਾ ਜਿੰਦਰਾ ਹੈ ਹਰ ਇਮਾਰਤ ਤੇ
ਲੋਕਾਂ ਦੀਆਂ ਅੱਖਾਂ ਚੁੱਪ ਹਨ
ਮੇਰੇ ਸ਼ੀਸ਼ੇ ‘ਚੋ ਚੁੱਪ ਝਾਕਦੀ ਹੈ
ਸੁਪਨਾਂ ਚੁੱਪ ਹੈ
ਜਿ਼ਦਗੀ ਚੁੱਪ ਹੈ
ਬਸ ਚੁੱਪ ਹੈ
ਮੇਰੀ ਵਰਿਆਂ ਦੀ ਉਡੀਕ ਚੁੱਪ ‘ਚ ਹੈ ਸਮਾ ਰਹੀ
ਮੁੜ ਜਨਮਣ ਲਈ
ਇਹ ਮੁੜ ਜਨਮੇਗੀ
ਤੋਤਲੀਆਂ ਅਵਾਜ਼ਾਂ ਦੇ ਸ਼ੋਰ ‘ਚ
ਲੋਰੀਆਂ ਦੇ ਹੜ ਦੇ ਸ਼ੋਰ ‘ਚ
ਪਿਆਰਾਂ ਦੀਆਂ ਨਦੀਆਂ ਦੇ ਸੋ਼ਰ ‘ਚ
ਕਾਇਨਾਤ ਦੇ ਹੁਸੀਨ ਸ਼ੋਰ ‘ਚ
ਤੇ ਮੇਰੀ ਇਹ ਨਿੱਕੀ ਜਿੰਨੀ ਚੁੱਪ
ਗੁਆਚ ਜਾਵੇਗੀ
ਖੁਦਾ ਕੋਈ ਹੱਥ ਫੜੇ ਮੇਰਾ
ਕੋਈ ਪਾਰ ਕਰੇ ਮੈਨੂੰ
ਚੁੱਪ ਦੇ ਦਿਸਹਿੱਦੇ ਤੋਂ ਪਾਰ
ਰੋਸ਼ਨੀਆਂ ਦੇ ਸ਼ੋਰਾਂ ਦੇ ਦੇਸ਼ ‘ਚ

ਇੱਕ ਰਹਿਨੁਮਾਂ
ਹੱਥਇੱਕ ਰੋਸ਼ਨੀ ਦਾ ਪੱਲਾ…
ਦਿਸਹਿਦੇ ਦੇ ਉਸ ਪਾਰ……
ਰੋਸ਼ਨੀ…………
…ਪਿਆਰ
ਸੋ਼ਰ………

ਬਲਬੀਰ ਸਿੰਘ ਅਟਵਾਲ