“ਜਿਨ ਸੱਚ ਪੱਲੇ ਪਿਆ”
ਉਮਰੋਂ ਲੰਮਾ ਦਿਨ ਟੁਰ ਗਿਆ,
ਸ਼ਾਮ ਦੀ ਬਿਗਾਨੀ ਜਹੀ ਭਾਹ ॥
ਆਪਣੀ ਮਿੱਟੀ ਦੀ ਯਾਦ ਸਤਾਵੇ
ਧਰਤ ਬਿਗਾਨੜੀ ਤੇ ਆ ॥
ਜ਼ੁਲਫਾਂ ਦੀ ਛਾਵੇਂ ਚਲਦੇ – ਚਲਦੇ
ਫਸ ਗਏ ਉਲਝਣ ਚ ਆ ॥
ਅੰਯਾਂਣੇ ਪੰਖੇਰੁਆ ਨੂੰ ਲੁੱਟਿਆ ਕਿਸੇ ਨੇ
ਠੀਕਰਾਂ ਦੀ ਚਮਕ ਦਿਖਾ ॥
ਘੋਰ ਬਣਾਂ ਵਿੱਚ ਚੋਗਾ ਚੁਗਦੇ
ਕੁੱਦਿਆ ਕੋਈ ਹੁਦਰਾ ਚਾਅ ॥
ਸੋਨੇਂ ਦਿਆ ਮਿਰਗਾਂ ਦੀ ਛਮ-ਛਮ ਪਿੱਛੇ
ਗਏ ਇੱਧਰ ਨੂੰ ਆ॥
ਨਿੱਕੇ-ਨਿੱਕੇ ਝਰਨੇਂ ਕਲ਼-ਕਲ਼ ਵਗਦੇ
ਝੀਲਾਂ ਚ ਚੰਨ ਪਿਆ॥
ਦੁੱਧ ਚਿੱਟੀ ਚਾਨਣੀ ਧਰਤ ਨੇਂ ਕੱਜੀ
ਰਾਹੀਆ ਵੇ ਭੁੱਲ ਗਿਓ਼ ਰਾਹ ॥
ਰੰਗ – ਬਰੰਗੇ ਵਣ ਪਿਆ ਰੰਗਿਆ
ਸੁਰਖ਼ ਪੱਤੀਆਂ ਦੇ ਚਾਅ॥
ਹਰ ਰੰਗ ਬਾਝੋਂ ਪਿਆ ਇਹ ਮਾਰੇ
ਸੱਖਣੀ ਸੱਖਣੀ ਭਾਅ ॥
ਘੁੱਗੀਆਂ, ਕਬੂਤਰਾਂ ਤੇ ਚਿੜੀਆਂ ਦੇ ਝੁਰਮਟ
ਪੋਣਾਂ ਸੁਗੰਧੜੀਆਂ ॥
ਤਜ ਕੇ ਧਰਤ ਫਕੀਰੀ ਵਾਲੀ
ਖੱਟਿਆ ਕੀ ਮਹਿਲਾਂ ਚ ਆ ॥
ਸੋਹਣੇ ਰੁੱਖ ਭਰਾਵਾਂ ਵਰਗੇ
ਵੇਖਣ ਨੂੰ ਤਰਸ ਗਿਆ ॥
ਉਮਰਾਂ ਦੇ ਕੰਮੀ ਭੁੱਲ ਗਿਆ ਮਾਏ
ਘਰ ਪਰਤਣ ਦਾ ਰਾਹ ॥
ਗੁਰ ਪੂਰੇ ਅਰਦਾਸ ਕਰੇਂਦਾ
ਮਿਹਰਾਂ ਦਾ ਮੀਂਹ ਵਰਸਾ ॥
ਨਿੱਕੇ-ਨਿੱਕੇ ਬੋਟਾਂ ਨੇ ਦਸਤਕ ਦਿੱਤੀ
ਸਾਂਝਾ ਦਾ ਬੀਜ ਪਿਆ ॥
ਸ਼ਬਦ ਮਾਹੀ ਦੇ ਭੇਦ ਸੁਝਾਇਆ
ਕਦਮਾਂ ਦਿਖਾਇਆ ਰਾਹ॥
‘ਸੇਈ ਜਨ ਪ੍ਰਵਾਨ ਹੋਏ
ਜਿਨ ਸੱਚ ਪੱਲੇ ਪਿਆ’॥
ਬਲਬੀਰ ਸਿੰਘ ਅਟਵਾਲ
( 1 ਅਕਤੂਬਰ 07 )
No comments:
Post a Comment