ਫਾਗੁਨ ਆਇਆ ਪੁਰੀ ਅਨੰਦੇ,
ਛਾਈਆਂ ਰੰਗ-ਬਹਾਰਾਂ।
ਕੁਲ ਧਰਤੀ ਤੋ ਰੱਜ-ਰੱਜ ਢੁਕੀਆਂ,
ਪਰਮ ਹੰਸਾਂ ਦੀਆਂ ਡਾਰਾਂ॥
ਧਰਤ ਨੇ ਤੱਕੀਆਂ ਲੱਖ ਬਹਾਰਾਂ
ਇਹ ਕੋਈ ਰੰਗ-ਨਿਆਰਾ।
ਏਸ ਚਲੂਲੇ ਰੰਗ ਵਿਚ ਧੜਕੇ
ਧਰ ਦਾ ਸਗਲ ਪਸਾਰਾ॥
ਅਨੰਦਪੁਰੇ ਦੀ ਉੱਚੀ ਧਰਤੀ
ਮਾਹੀ ਰੰਗ ਖਿਲਾਰੇ।
ਕੁੱਲ ਜਗਤ ਦੀਆਂ ਵਾਟਾਂ ਢੁੱਕੀਆਂ
ਪ੍ਰੀਤ ਦੇ ਮਹਿਲ ਦੁਆਰੇ॥
ਮਹਿਲ ਦੁਆਰੇ ਮਾਹੀ ਵਸਦਾ
ਖੜਗ ਧਾਰੀ ਲਾਸਾਨੀ।
ਜਿਸਦੀ ਬਖਸ਼ ਦੇ ਸਦਕੇ ਖੁੱਲਣ
ਡੂੰਘੇ ਭੇਤ ਰੁਹਾਨੀ॥
ਲੰਘਿਆ ਮਾਘ, ਫਾਗੁ ਰੁਤ ਆਈ
ਹੋਲੀ ਰੰਗ ਖਿਲਾਰੇ।
ਰੱਤੜੇ ਚੋਲੇ ਵਾਲੇ ਢੋਲੇ
ਬਖਸ਼ੇ ਦਰਸ ਨਿਆਰੇ॥
ਦਰਸ ਨਿਆਰੇ ਰੰਗੀ ਧਰਤੀ
ਬਲ-ਬਲ ਜਾਂਣ ਜਹਾਨ।
ਪੁਰੀ ਅਨੰਦ ਦੀ ਉੱਚੜੀ ਧਰਤੀ
ਨਿੱਕੜੇ- ਆਸਮਾਨ॥
ਘਿਰ-ਘਿਰ ਆਵਣ ਬੱਦਲ ਕਾਰੇ
ਚੁੰਮਣ ਪੈਰ ਮਹਾਨ।
ਮੋਰ-ਬੰਬੀਹੇ ਬਣਾਂ ‘ਚ ਕੂਕਣ
ਵਾਵਾਂ ਸਦਕੇ ਜਾਂਣ॥
ਪੁਰੀ ਅਨੰਦ ਵਿੱਚ ਕੋਲ ਪਹਾਂੜਾਂ
ਮੇਲਾ ਭਰਿਆ ਕੋ।
ਲੱਖਾਂ ਅੱਖੀਆਂ ਇੱਕ ਨੂੰ ਤੱਕਣ
ਰੱਤੜੇ ਚੋਲੇ ਜੋ॥
ਰੱਤੜੇ ਚੋਲੇ ਵਾਲੇ ਮਾਹੀ
ਲੀਲਾ ਅਜਬ ਖਿਲਾਰੀ।
ਭਰ-ਭਰ ਮੁੱਠੀਆਂ ਰੰਗ ਮਜੀਠੀ
ਵੰਡਦਾ ਆਪ ਮੁਰਾਰੀ॥
ਗੁਰ ਸਿੱਖਾਂ ਸੰਗ ਭਗਤੀ ਖੇਡੇ
ਰੰਗ ਮਜੀਠੇ ਨਾਲ।
ਗੋਪੀ-ਕ੍ਹਾਨ ਅਰਸ਼ ਤੋ ਤੱਕਣ
ਨਿਹਾਲ-ਨਿਹਾਲ-ਨਿਹਾਲ॥
ਦੂਰ ਥਲਾਂ ਤੋਂ ਫੱਕਰ ਢੁੱਕਣ,
ਰੰਗ-ਰੰਗ ਹੋਣ ਰੰਗੀਲੇ।
ਉੱਚੜੇ ਰੰਗ ‘ਚ ਰੰਗੀ ਧਰਤੀ
ਧਰ ਦੇ ਨੈਣ ਰਸੀਲੇ॥
ਪ੍ਰੀਤ ਦੀਆਂ ਲੱਖਾਂ ਝਰਨਾਹਟਾਂ
ਢੁੱਕਣ ਅਨਦ ਦੁਆਰੇ।
ਅਨਹਦ ਨਾਦ ਹਵਾਈਂ ਗੂੰਜੇ
ਦੇਵਣਹਾਰ ਨਾਂ ਹਾਰੇ॥
ਧਨੁਖਧਾਰੀ ਨੇਂ ਮੋਢਿਉ ਲਾਹਿਆ
ਨੂਰਾਂ ਭਰਿਆ ਭੱਥਾ।
ਜਾ ਕੇ ਹੱਥ ਪਿਚਕਾਰੀ ਪਾਇਆ
ਖਿੜਿਆ ਧਰ ਦਾ ਮੱਥਾ॥
ਰੰਗ ਮਜੀਠ ਦੀ ਖਿੱਚ ਪਿਚਕਾਰੀ
ਭਰਿਆ ਤਾਂਣ ਭੁਜਾਂਵਾ।
ਧਰ ਦੇ ਹਿਰਦੇ ਤੇ ਕੀ ਬੀਤੀ
ਕਿੱਥੋਂ ਸ਼ਬਦ ਲਿਆਂਵਾ॥
ਜੋਰ ਇਲਾਹੀ ਦੇ ਸੰਗ ਮਾਹੀ
ਵਿਚ ਅਸਮਾਨ ਚਲਾਈ।
ਦੋਨੋਂ ਜੱਗ ਰੱਤੇ ਉਸ ਡਾਢੇ
ਇੱਕੋ ਇਸ਼ਕ ਖੁਦਾਈ॥
ਦੂਰ ਅਰਸ਼ ਵਿੱਚ ਖੁਦ ਨਾਰਾਇਣ
ਬੰਸੀ ਲਬਾਂ ਲਗਾਈ।
ਰਾਧਾ ਤੱਕੇ, ਮੀਰਾ ਤੱਕੇ,
ਤੱਕੇ ਕੁੱਲ ਲੋਕਾਈ॥
ਗੁਰਮੁਖ ਦੀ ਦੇਹੀ ਨੂੰ ਬਖਸ਼ੀ
ਕਾਇਨਾਤ ਜੇਡ ਉਚਾਈ।
ਰੰਗ ਮਜੀਠੇ ਰੰਗ ਹੋ ਮਾਂਣੇ
ਧਰ ਦੇ ਰੰਗ ਨੂੰ ਰਾਹੀ॥
ਬਲਬੀਰ ਸਿੰਘ ਅਟਵਾਲ
(09 ਜੂਨ 2008)