some couplets from a long poem
ਖੋਫ ਕੋ ਅਤਿ ਸਥਾਨਕੀ
ਛੁਪ-ਛੁਪ ਕਦਮ ਧਰੇ।
ਨਿੱਜ ਦੀ ਹੀਣੀ ਭਾਵਨਾਂ
ਸਾਗਰ ਕਿੰਝ ਤਰੇ॥
ਮਨ ਵਿੱਚ ਕੋਟ ਅਪ੍ਰਾਧ ਲੈ
ਘੋਰ ਚਲਾਕੀਆਂ।
ਸੋ ਦਰ ਵੇਲੇ ਢੁੱਕੀਆਂ
ਦੋ ਰੂਹਾਂ ਸਰਾਪੀਆਂ॥
ਗੁੱਲ ਖਾਂ ਤੇ ਜਮਸ਼ੈਦ ਖਾਂ
ਦੱਸਿਆ ਆਪਣਾਂ ਨਾਂ।
ਪੈਂਦੇ ਖਾਂ ਦੇ ਖੂਨ ਦੀ
ਮਾਂਨਣ ਠੰਡੜੀ ਛਾਂ॥
ਤੱਕ ਕੇ ਤੇਜ ਅਕਾਲ ਦਾ
ਕੰਬੀ ਧੁਰ ਤੱਕ ਰੂਹ।
ਕੋਟਾਂ ਗੜ੍ਹ ਟੁੱਟ-ਟੁੱਟ ਗਏ
ਗੁਰੂ ਦੀ ਪਾਵਨ ਜੂਹ॥
ਗੁਰੂ ਨਜ਼ਰ ਨੇਂ ਤੱਕਿਆ
ਗੁਲ ਖਾਂ ਅੰਦਰ ਸ਼ੋਰ।
ਤਿੱਖੜੇ ਮਾਰਗ ਪ੍ਰੀਤ ਦੇ
ਖਾਂ ਦਾ ਮਨ ਕਮਜ਼ੋਰ॥
ਤਰਸ ਪੈਂਦੇ ਲਈ ਉਮੜਿਆ
ਗੁਰਾਂ ਬੁਲਾਇਆ ਕੋਲ।
ਬਖ਼ਸ਼ੀਸ਼ ਵੀ ਦਿੱਤੀ ਖਾਂਨ ਨੂੰ
ਕੀਤੇ ਮਿੱਠੜੇ ਬੋਲ॥
ਨਿਮੋਝੁਣਾਂ ਹੋ ਟੁਰ ਗਿਆ
ਤੱਕ ਕੇ ਗੁਰੂ ਅਕਾਲ।
ਬੁੱਕਲੀਂ ਖ਼ੰਜਰ ਸਹਿਕਦਾ
ਰਿਹਾ ਅਗਨ ਨੂੰ ਬਾਲ॥
ਊਸ਼ਾ ਵੇਲੇ ਪਰਤਦੇ
ਸੁਰਤਾਂ ਦੇ ਕੰਗਾਲ।
ਹੀਣੀ ਵਿੱਸ ਨੂੰ ਘੋਲਦੇ
ਤੱਕ-ਕੇ ਪੁਰਖ ਅਕਾਲ॥
ਉਸ਼ਾ ਵੇਲੇ ਜਗ ਪੈਦੀ
ਉੱਚੜੀ ਸੋ ਦਰ ਲੋ।
ਮਾਹੀ ਦਾ ਮੁੱਖ ਵੰਡਦਾ
ਰਸ ਭਿੰਨੜੀ ਖੁਸ਼ਬੋ॥
ਗੁਰੂ ਦੀ ਦੇਹ ਅਕਾਲ ਤੇ
ਕੀਕਣ ਹੋਵੇ ਵਾਰ।
ਦੋਜਖ਼ ਵੀ ਨਾਂ ਲੈਂਵਦਾ
ਅਕ੍ਰਿਤਘਣਾਂ ਦੀ ਸਾਰ॥
ਤੱਕੇ ਪੈਂਦੇ ਦੇ ਪੋਤਰੇ
ਗੁਰੂ ਨੇਂ ਵਿੱਚ ਮੰਝਧਾਂਰ।
ਉੱਚ ਪੁਰਾਂਣੀ ਜਿੱਤ ਪੈਂਦੇ ਦੀ
ਬਦਲ ਰਹੇ ਵਿੱਚ ਹਾਰ॥
ਹਿਰਦੇ ਗੁਰੂ ਦੇ ਵੱਗਦੇ
ਤਰਸ ਦੇ ਵਹਿਣ ਭਰੇ।
ਪ੍ਰੀਤ ਪੈਂਦੇ ਦੀ ਪਾ ਰਹੀ
ਪਰਦਾ-ਛੁਪੇ ਛੁਰੇ॥
ਗੁਰੂ ਦੇ ਰੂਪ ਅਕਾਲ ਨੂੰ
ਜਾਂਣ ਲਏ ਜਦ ਸੁਰਤ।
ਫਿਰ ਵੀ ਨਿੱਜ ਕਮੀਨਗੀ
ਪਾਲੇ ਹੀਣੀ ਜੁੱਰਤ॥
ਘੋਰ ਅਪ੍ਰਾਧ ਅਕ੍ਰਿਤਘਣੇਂ
ਅੰਦਰ ਦੱਬੇ ਜੋ।
ਸਮਾਂ ਪੈਣ ਤੇ ਦਿਸ ਪੈਣੇ
ਹਰ ਇੱਕ ਅੱਖ ਨੁੰ ਉਹ॥
ਇੰਨ-ਬਿੰਨ ਗੁਲ ਖਾਂ ਝੂਰ ਰਿਹਾ
ਤੱਕ ਕੇ ਗੁਰੂ ਅਕਾਲ।
ਗੁਰਾਂ ਨੇ ਕਦਮ ਉਤਾਰਿਆ
ਉਸ ਪਹਿਰ, ਵਿੱਚ ਕਾਲ॥
ਕਲਗੀਧਰ ਸਨ ਕਾਲ ਵਿੱਚ
ਦੇਹੀ ਨਿਯਮ ਖੜੇ।
ਗੁਲ ਖਾਂ ਤੀਕਰ ਕਰ ਰਹੇ
ਸੁਖਨ ਕੋ ਰਾਜ਼ ਭਰੇ॥
"ਮਾਰਿਆ ਤੁਸਾਂ ਦਾ ਦਾਦਰਾ
ਸਾਡੇ ਦਾਦੇ ਪਾਕਿ"
ਡੂੰਘੇ ਭੇਤ ਨਾਂ ਸਮਝਿਆ
ਗੁਲ- ਸੁਰਤ ਨਾਪਾਕ॥
ਕਾਲੀ ਰਾਤ 'ਚ ਰੂਪ ਧਿਝਾਂਣਾ
ਗੁਲ ਖਾਂ ਕੀਤਾ ਜਾਹਰ।
ਗੁਰੂ ਖੇਮੇਂ ਵੱਲ ਤੁਰ ਪਿਆ
ਜਮਸ਼ੈਦ ਖੜਾ ਕਰ ਬਾਹਰ॥
ਖੇਮੇਂ ਗੁਰੂ ਦੇ ਵੜ ਗਿਆ
ਜਮਧਰ ਲੈ ਗੁਲ ਨਾਂਲ।
ਅੰਦਰ ਤੱਕਿਆ ਨੂਰ ਜਦ
ਹੋਇਆ ਹਾਲ ਬੇਹਾਲ॥
ਭੈਅ ਖਾਇ ਕੈ ਪਰਤਦਾ
ਛੁਰਾ ਜਗਾਏ ਰੋਹ।
ਛੁਰੇ ਦੀ ਫਿਤਰ ਕਮੀਂਨਗੀ
ਅੰਤ ਕਮਾਏ ਧ੍ਰੋਹ॥
ਘੁੱਟ ਕੇ ਬੰਦ ਕਰ ਅੱਖੀਆਂ
ਦਿਸ ਨਾਂ ਸਕੇ ਲੋ।
ਚਾਂਨਣ ਵੱਲੇ ਮਾਰਿਆ
ਛੁਰਾ ਗੁਲ ਖਾਂ ਜੋ॥
ਭੇਦ ਕੀ ਸੱਕੇ ਨੂਰ ਨੂੰ
ਕਮੀਨਾਂ ਵਾਰ ਸੰਗੀਨ।
ਇੱਕੋ ਵਾਰ ਖੜਗ ਦਾ ਹੋਇਆ
ਡਿੱਗਿਆ ਗੁਲ ਜ਼ਮੀਨ॥
ਡਿਗਦੇ ਸਾਰ ਹੀ ਨਿਕਲਿਆ
ਮੁੱਖੋ ਨਾਂਮ - ਮਾਂ।
ਨਿੱਜੀ ਵਿਰੋਧ ਸਥਾਨਕੀ
ਸੋਧਿਆ ਤੇਗ ਗੁਰਾਂ॥
ਗੁਰਾਂ ਨੇ ਵਾਜ ਸਿੱਖਾਂ ਨੂੰ ਮਾਰੀ
ਮਾਰਿਆ ਜਮਸ਼ੈਦ ਜਿਨਾਂ।
ਖੂਨੀ ਘਾਵ ਨੂੰ ਸੀਣ ਹਿੱਤ
ਬੁਲਾਏ ਵੈਦ ਤਿਨਾਂ॥
ਉੱਠ ਬੈਠੇ ਭਗਵਾਨ
ਦੇਣ ਦਿਲਾਸੜੇ।
ਡੁੱਲਿਆ ਧਰਤ ਤੇ ਖੂਨ
ਖੁਸੇ ਧਰ ਹਾਸੜੇ॥
ਕਿਹਾ ਵੈਦ ਧਰਵਾਸ
ਕੋ ਫਟ ਗੰਭੀਰ ਨਾਂ।
ਸਿੰਘਾ ਦਰਦ ਹਮੇਸ਼
ਛੁਟੇ ਜੋ ਤੀਰ ਨਾਂ॥
ਗੁਰਾਂ ਕਿਹਾ ਲੜ ਲਾਇ
ਸਿੱਖਹੁ ਪਿਆਰਿਉ।
ਛੁਪ ਕੇ ਕਰੇ ਜੋ ਵਾਰ
ਨਾਂ ਮੂਲ ਵਿਸਾਰਿਉ॥
ਵਾਰ ਦਾ ਏਸ ਰਹੱਸ
ਜਿਉ ਸਾਗਰ ਕਾ ਤਲਾ।
ਗੁਰੂ ਕਰੇ ਜੇ ਮੇਹਰ
ਤੇ ਹੋਸੀ ਨਿਰਮਲਾ॥
ਚਰਨ ਧੂੜ ਨਾਲ ਮਾਹੀ
ਬੱਦਲ ਫੱਟਦੇ।
ਉੱਚੇ ਮੰਡਲ ਆਪ
ਭੇਤ ਖੋਲ ਦੱਸਦੇ॥
ਜੇ ਮਾਹੀ ਲੜ ਲਾਇ
ਤਾਂ, ਮਾਲਕ ਦੋ ਜਹਾਂ।
ਨਜ਼ਰ ਲਏ ਜੇ ਫੇਰ
ਤਾਂ, ਹੋਸੀ ਭਿੱਖ ਮੰਗਾ॥
ਗਿਆਨ ਦੇ ਮੰਡਲ ਕੋਟ
ਰੁਲਦੇ ਚਰਨ ਧੂਲ।
ਜੇ ਸੁਰਤ ਲਏ ਅੱਖ ਪਾਇ
ਤਾਂ ਵਿਗਸਣ ਕਾਵਿ ਫੂਲ॥
ਮੰਡਲ ਉੱਚ ਰੁਹਾਨ
ਗੁਰੂ 'ਚ ਸਮਾ ਗਏ।
ਪਾ ਕੇ ਉੱਚੜੀ ਥਾਂ
ਸੇਧ ਉਹ ਪਾ ਗਏ॥
ਨਿੱਜੀ ਵਹਿਣਾ ਵੱਸ
ਭਰਮ ਸੁਰਤ ਪਾਲਦੀ।
ਲਾਵਾਂ ਦਾਗ ਅਕਾਲ
ਇਹ ਆਸ ਕੰਗਾਲ ਦੀ॥
ਢੀਖਰੀਆਂ ਸੰਗ ਬਾਲ
ਜਿਉਂ ਕੋ ਖੇਡਦਾ।
ਤੋੜ-ਤੋੜ ਕੇ ਕਹੇ
ਧਨੀਂ ਮੈ ਤੇਗ ਦਾ॥
ਗੁਲ ਅਤੇ ਜਮਸ਼ੈਦ ਨੂੰ
ਗੁਰੂ ਪਿਆਰਦੇ।
ਗੁਰੂ ਮਿਹਰ ਦੇ ਹੇਠ
ਉਹ ਧ੍ਰੋਹ ਪਾਲਦੇ॥
ਕੁਝ ਕੁ ਕਦਮਾਂ ਤੀਕ,
ਭਰਮ ਗੁਰ ਰੱਖਦਾ।
ਲੰਘ ਜਾਵੇ ਜੋ ਲੀਕ
ਤੇ ਪਰਦਾ ਚੱਕਦਾ॥
ਗੁਰੂ ਬਖਸ਼ਿਆ ਪੰਥ ਨੂੰ
ਜਬਤ ਦਾ ਤੀਰ ਜੋ।
ਛੁੱਟੇ ਜਦੋਂ ਕਮਾਂਨ
ਹੈ ਬਸ ਅਖੀਰ ਵੋ॥
ਇੰਝ ਗੁਲ ਖਾਂ ਸੁਰਤ
ਭੁਲੇਖੇ ਸਿਰਜਦੀ।
ਗੁਰੂ ਅਕਾਲ ਦੀ ਪ੍ਰੀਤ
ਰਹੀ ਉਸ ਵਰਸਦੀ॥
ਧੁਰ ਅੰਦਰ ਗੁਲ ਖਾਂ,
ਗੁਰੂ ਦਾ ਰਸ ਹੈ।
ਪਰ ਨਿੱਜ ਦੇ ਹੀਂਣ ਉਲਾਂਰਾ
ਥੀਂ ਬੇ-ਬਸ ਹੈ॥
ਰਿਹਾ ਚਿੱਤ ਘਬਰਾਏ
ਗੁਲ ਖਾਂ ਕੰਬਦਾ।
ਜਾਂਣੇ ਜਿੱਤ ਨਸੀਬ
ਅਕਾਲ ਦੀ ਜੰਗ ਦਾ॥
ਇੰਝ ਜਮਧਰ ਲੈ ਲੁਕੋ
ਛੁਪਾ ਵਾਰ ਕਰ ਰਿਹਾ।
ਦੇਹੀ ਨਿਯਮ ਗੁਰੂ
ਇਹ ਭੀ ਜਰ ਰਿਹਾ॥
ਜੋ ਕਰੇ ਅਕਾਲ ਤੇ ਵਾਰ
ਨਾਂ ਹੱਥ ਕੁਝ ਆਂਵਦਾ।
ਸੜੇ ਕਾਲ ਵਿੱਚ ਨਾਂ
ਤੇ ਮੋਤ ਸਦਾਂਵਦਾ॥
ਗੁਲ ਖਾਂ ਸੁਰਤ ਧਿਝਾਂਣੀ
ਵਾਰ ਕੋ ਕਰ ਗਈ।
ਖਾਇ ਖੜਗ ਦਾ ਵਾਰ
ਅੰਤ ਨੂੰ ਮਰ ਗਈ॥
ਚਾਇਆ ਵੇਸ ਜੋ ਸਬਜ਼
ਘੋਰ ਅਪਮਾਨ ਵੋ।
ਕਿਵੇਂ ਬਚੇ ਜੁਡਾਜ਼,
ਤੇਗ਼ ਦੀ ਸ਼ਾਨ ਵੋ॥
ਪਰ ਗੁਰੂ ਦੀ ਦੇਹ ਅਕਾਲ,
ਵਾਰ ਤੋਂ ਪਾਰ ਹੈ।
ਉਹ ਅਉਹਾਣੀ ਕਦੇ ਨਾਹੀ
ਉਹ ਏਕ ਉਮਕਾਰ ਹੈ॥
ਗੁਰਮੁਖ ਹਿਰਦੇ ਜਾਪ
ਗੁਰੂ ਦੀ ਦੇਹੀ ਦਾ।
ਮਲੀਨਂ ਨਾਂ ਕਰਸੀ ਵਾਰ
ਗੁਲ ਸੁਰਤ ਜੇਹੀ ਦਾ॥
ਅਕਾਲ ਨਿਯਮ ਦੀ ਜਿੱਤ
ਗੁਰੂ ਧੜਕਾ ਰਿਹਾ।
ਅਦਨ, ਕਮੀਨਾ, ਘ੍ਰਿਣਤ,
ਵਾਰ ਕਰ ਖਾਂ ਰਿਹਾ॥
ਨੀਚ ਕਰੇ ਜੋ ਵਾਰ
ਘਿਨਾਂਉਣੀ ਸੁਰਤ ਤੁੱਛ।
ਕਰ ਨਾਂ ਸਕੇ ਸ਼ਹੀਦ
ਗੁਰੂ ਦੀ ਦੇਹ ਉੱਚ॥
ਗੁਰੂ ਤੇ ਦੇਹ ਸਮੇਤ
ਧਰਤ ਤੋਂ ਜਾਂਵਦਾ।
ਨਾਨਕ ਦੇਹ ਦੀ ਰੀਤ
ਗੁਰੂ ਦੁਹਰਾਵਦਾ॥
ਅੱਲੇ ਜ਼ਖਮ Ḕਚ ਚਿੱਲਾ
ਚੜਾਇਆ ਧਨੁੱਖ ਗੁਰੂ।
ਰੱਤ ਇਲਾਹੀ ਸੰਗ
ਧਰਤ ਗਿਆ ਸਿੰਜ ਗੁਰੂ॥
ਉੱਚੀ ਧਰਤ ਨਂਦੇੜ
ਪਾਕਿ ਹੋਰ ਹੋ ਗਈ।
ਦੇਹ ਅਕਾਲ ਦੀ ਰੱਤ
ਕਿਲਵਿਖ ਇਸ ਧੋ ਗਈ॥
ਭੇਤ ਚਿੱਲੇ ਦਾ ਸਿੱਖ ਜੰਗਾਂ
ਦਾ ਤਾਂਣ ਹੋਇਆ।
ਜਿਸਮੋ ਅੱਗੇ ਲੜਨਾਂ
ਸਿੱਖੀ ਹਾਂਣ ਹੋਇਆ॥
ਜੋ ਚਲਾਈ ਤੇਗ ਸਿੰਘ ਦੀਪ
ਤਲੀ ਤੇ ਸੀਸ ਰੱਖ।
ਗੁਰੂ ਦੀ ਦੇਹ ਤੋਂ ਤਾਂਣ
ਲੈ ਰਿਹਾ ਸੀ ਗੁਰਸਿੱਖ॥
ਝੋਲੀ ਅੱਡ ਘਟਨਾਵਾ
ਚਰਨ ਸਪਰਸਦੀਆਂ।
ਪੁਰਖ ਅਕਾਲ ਦੀ ਰਜ਼ਾ Ḕਚ
ਉੱਚੀਆਂ ਵਸਦੀਆਂ॥
ਇੱਕ-ਇੱਕ ਘਟਨਾਂ
ਲੱਖ ਭੇਤਾ ਨੂੰ ਰੱਖਦੀ।
ਜੇ ਹੋਵੇ ਗੁਰੂ ਦੀ ਮਿਹਰ
ਤੇ ਪਰਦਾ ਚੱਕਦੀ॥
ਗੁਰੂ ਮਿਹਰ ਦੇ ਨਾਲ
ਮਨ ਦਾ ਦੀਪ ਜਗੇ।
ਲਈਏ ਗੁਰਾਂ ਦਾ ਨਾਂ
ਤੇ ਹੋਸੀ ਗੱਲ ਅਗੇ॥
ਵਾਹਿਗੁਰੂ ਨਾਮ ਜਹਾਜ
ਚਰੈ ਸੋ ਪਾਰ ਹੈ।
ਛੱਡਦੇ ਯਾਰ ਇਹ ਥਾਂ
ਕਿਉ ਹੋਤ ਖੁਆਰ ਹੈ॥
ਜਦ ਧਰਤ ਨੂੰ ਪਈ ਕਨਸੋਅ
ਪਾਕਿ ਉਸ ਰੱਤ Ḕਚੋ।
ਕਿ ਟੁਰ ਜਾਂਣਾ ਦੇਹ ਅਕਾਲ
ਮਿਥਿਆ ਜਗਤ 'ਚੋ॥
ਫੜ-ਫੜ ਬਹੇ ਧਰ ਕਾਲ
ਜੋ ਲੰਘਦਾ ਜਾਵਦਾਂ।
ਉੱਚੇ ਨਿਯਮ ਅਕਾਲ 'ਚ
ਕਾਲ ਸਮਾਂਵਦਾ॥
ਦੱਖਣ ਧਰਤ ਤੇ ਵਿਗਸਿਆ
ਦਰਿਆਉ ਭਗਤ ਕਾ।
ਸਫਰ ਮੁਕਾ ਕਰ ਚੱਲਿਆ
ਹਰ-ਰੂਪ ਜਗਤ ਕਾ॥
ਇਨ ਦਰਿਆਉ ਗੁੰਜੇ
ਜਿਸਮ ਦਾ ਸ਼ੋਰ ਹੋ।
ਤੜ-ਤੜ ਚੜੇ ਹਰ ਛੱਲ
ਖੜਗ ਦੀ ਤੋਰ ਹੋ॥
ਇਨ ਦਰਿਆਉ ਬੋਲ ਸਮਾਏ
ਧਰਤ ਦੇ।
ਦੂਰੋਂ ਪਿਆਸ ਬੁਝਾਵਣ ਹਿਤ
ਥਲ ਪਰਤਦੇ॥
ਖੁੱਲੇ, ਸੰਘਣੇ, ਲੰਮੇ,
ਕੇਸ ਘਣਘੋਰ ਹੋ।
ਖਿੱਚੇ ਵੱਝਾ ਵਜਦ
ਜ਼ੁਲਫ ਦੀ ਡੋਰ ਹੋ॥
ਇਨ ਦਰਿਆਉ ਲੱਖਾਂ
ਘੁਮਣਘੇਰੀਆਂ।
ਥਲਾਂ ਤੋ ਤੇਜ਼ ਹਵਾਵਾਂ
ਪਾਵਣ ਫੇਰੀਆਂ॥
ਤੀਖਣ ਅੱਤ ਪਿਆਸ
ਥਲਾਂ ਨੂੰ ਰਹੀ ਖਿੱਚ।
ਨਵ-ਨਿਧ ਭਗਤ ਦਰਿਆਉ
ਜਜ਼ਬ ਕਰ ਰਿਹਾ ਵਿੱਚ॥
ਵਿੱਚ ਕੈਲਾਸ਼ ਸਮਾ ਗਿਆ
ਥਲਾਂ ਦਾ ਉੱਚੜਾ ਜਾਪ।
ਸਤਲੁਜ ਵਿੱਚ ਆ ਘੁਲ ਗਿਆ
ਸਾਂਝਾ ਦਾ ਆਲਾਪ॥
ਬਖਸ਼ ਕੀਤੀ ਇਸ ਤੇ ਉੱਚੀ
ਭਰ ਬਾਟਾ ਦਸ਼ਮੇਸ਼।
ਅਮ੍ਰਿਤ ਬੂੰਦ Ḕਚ ਰਮ ਗਿਆ
ਸਦਾ ਸਹਿਜ ਦੇ ਦੇਸ॥
ਜਿੱਤ ਅਟੱਲ ਗੁਰੂ ਦੀ
ਧਰਤ ਤੇ ਝੁੱਲ ਰਹੀ।
ਹਿਰਾਂ, ਕੈਲਾਸ਼ ਦੀ ਗੂੰਜ
ਗੁਰੂ 'ਚ ਘੁਲ ਰਹੀ॥
ਦੱਖਣ ਵਿੱਚ ਸਮਾ ਗਿਆ
ਜਸ਼ਨ ਆਵਾਜ਼ਾ ਦਾ।
ਹੋ ਏਕ ਸੁਰ ਸਭ ਢੁੰਢਦੇ
ਅੰਤ ਪਰਵਾਜ਼ਾਂ ਦਾ॥
ਨਾਨਕ ਜੋਤ 'ਚ ਰਮ ਰਹੀ
ਧਰਤੀ ਦੀ ਪਰਵਾਜ਼।
ਦੱਖਣ ਦੇਸ ਸੀ ਹੋ ਰਿਹਾ
ਕੇਂਦਰ ਨੇਮ - ਆਵਾਜ਼॥
ਨਾਦ ਨੇਮ ਨੂੰ ਬਖਸ਼ਤੇ
ਨਵੇਂ ਮਿਨਾਰੇ ਜਾ।
ਖੜਗਧਾਰੀ ਦੇ ਸ਼ਬਦ ਰੂਪ
ਕਦਮ ਪਧਾਰੇ ਆ॥
ਚਿੱਲਾ ਚੜਾਉਦੇਂ ਧਨੁੱਖ ਤੇ
ਖੁੱਲਿਆ ਜ਼ਖਮ ਅੱਲਾ।
ਵੱਡੇ ਭਾਗ ਇਸ ਮੇਧਨੀ
ਰੱਤ ਰੰਗਿਆ ਆਪ ਅੱਲਾਹ॥
ਰਾਤ ਰਹੇ ਭਰ ਕੇਰਦੇ
ਨੀਰਾਂ ਦੇ ਬੁੱਕ ਸਿੱਖ।
ਅਮ੍ਰਿਤ ਵੇਲੇ ਜਗ ਪਈ
ਪੁਰੀ ਅਨੰਦ ਦੀ ਦਿੱਖ॥
ਅੰਤਿਮ ਵਾਰ ਧਰ ਵੇਖਿਆ
ਰੰਗਲੇ ਜਾਮੇ ਦਸ਼ਮੇਸ਼।
ਕਲਗੀ ਸੀਸ ਤੇ ਸੋਭ ਰਹੀ
ਸ਼ਸ਼ਤਰ ਵਾਂਗ ਹਮੇਸ਼॥
ਪ੍ਰੀਤਮ ਮੁਖੜਾ ਵੰਡ ਰਿਹਾ
ਅੰਤਾਂ ਦਾ ਅੱਜ ਨੂਰ।
ਨਾਨਕ ਨਕਸ਼ ਦਾ ਚਮਕਿਆ
ਮੁਖੜੇ ਤੇਜ ਹਜੂਰ॥
ਧਰਤ ਨੇ ਤੱਕੀ ਗੋਬਿੰਦ ਮੁਖੜੇ
ਅਸਲੋਂ ਨਵੀ ਨੁਹਾਰ।
ਨਾਨਕ ਨਕਸ਼ 'ਚ ਖਿਲ ਪਿਆ
ਗੁਰੂ ਦਾ ਰੂਪ ਅਪਾਰ॥
ਨੌ ਗੁਰੂਆਂ ਦੀ ਜੋਤ ਦੇ
ਕਲਗੀਧਰ ਫਰਜ਼ੰਦ।
ਸ਼ਬਦ ਜੋਤ ਪ੍ਰਕਾਸ਼ ਲੈ
ਬੈਠੇ ਗੁਰ ਗੋਬਿੰਦ॥
ਸਾਰੀ ਧਰ ਦੀ ਬੰਦਗੀ
ਨਫ਼ਸ ਦੇ ਸਭ ਝੁਕਾਅ।
ਦੱਖਣ ਦੀ ਇਸ ਧਰਤ ਤੇ
ਕੀਤਾ ਦੇਹ ਫੈਲਾਅ॥
ਉੱਚੀ ਨੈਤਿਕ ਪ੍ਰਵਾਜ਼ ਤੇ
ਮਨ ਦੇ ਉਤਾਰ ਚੜਾਅ।
ਸਭੋ ਕੁਝ ਨੂੰ ਬੰਨ੍ਹ ਕੇ
ਕਰ ਖਮੋਸ਼ ਗੁਰਾਂ॥
ਸਹਿਜ ਸ਼ਬਦ ਦੇ ਰਾਗ ਨੂੰ
ਦਿੱਤਾ ਉੱਤੇ ਧੜਕਾਅ।
ਸ੍ਰੀ ਗ੍ਰੰਥ ਨੂੰ ਬਖਸ਼ ਰਿਹਾ
ਗੁਰਗੱਦੀ ਗੋਬਿੰਦਾ॥
ਦੇਹੀ ਨੇਮ ਸੀ ਰਮ ਗਿਆ
ਹੋ ਖਾਮੋਸ਼ ਵਿੱਚ ਬੀੜ।
ਨਦਰ ਹੋਈ ਗੁਰ ਬਖਸ਼ਿਆ
ਨਿਹਚਲ ਥਾਂ ਅਖੀਰ॥
ਸ਼ਬਦ ਦਾ ਹੋਇਆ ਧਰ ਉੱਤੇ
ਗੁਰੂ ਰੂਪ ਪ੍ਰਕਾਸ਼।
ਬ੍ਰਹਿਮੰਡ ਸਾਰਾ ਝੁਕ ਗਿਆ
ਚਰਨੀ ਉੱਚ ਧਰਵਾਸ॥
ਹਰ ਧਰਮ ਹੋਇ ਨਿਬੜਿਆ
ਹੱਕ ਉਨ ਯੁਗ ਕਾ।
ਨਾਨਕ ਜੋਤ 'ਚ ਸ਼ਬਦ ਭਇਆ
ਬੋਹਿਥ ਕਲਯੁਗ ਕਾ॥
ਗੁਰੂ ਤੇ ਭੇਤ ਅਕਾਲ ਦਾ
ਕਾਲ ਨੂੰ ਬਖਸ਼ ਰਿਹਾ।
ਧੰਨ ਸੁ ਕਾਲ ਜੋ ਉੱਚੜੇ
ਚਰਨ ਸ਼ਪਰਸ਼ ਰਿਹਾ॥
ਗੁਰਾਂ ਨੇ ਅਕੱਥ ਟਿਕਾ ਦਿੱਤਾ
ਮਨੁੱਖ ਦੇ ਹਿਰਦੇ ਹੋ।
ਸ਼ਬਦ ਸਹਿਜ ਹੋ ਫੈਲਿਆ
ਧਰਤ-ਚੋਗਿਰਦੇ ਹੋ॥
ਗੁਰੂ ਸ਼ਬਦ ਪਰਮੇਸ਼ਰਹੁ
ਵੰਡੇ ਉੱਚ ਧਰਵਾਸ।
ਸਿੱਖਾਂ ਹੁਕਮ ਅਟੱਲ ਦਾ ਸੁਣਿਆ
ਸੀ ਜਿਸਦੀ ਨਾਂ ਆਸ॥
ਚੰਦਨ ਚੋਂਕੀ ਸਜ ਗਈ
ਤ੍ਰੌਕ ਸ਼ਬਦ ਸੁਆਂਤ।
ਭੇਤ ਅਕਾਲ ਦਾ ਕੱਜਿਆ
ਕਾਇਨਾਤ ਭਈ ਕਨਾਤ॥
ਗੁਰੂ ਤੇ ਰੂਪ ਅਕਾਲ ਦਾ
ਲੀਨ ਭਇਉ ਅਕਾਲ।
ਭੇਤ ਚਿਖਾ ਦਾ ਰਹੇਗਾ
ਜਦ ਤਕ ਰਹੇਗਾ ਕਾਲ॥
ਡਾਢਾ ਉੱਚ ਧਰਵਾਸ ਜੋ
ਕਲਗੀਧਰ ਦੀ ਦੀਦ।
ਗੁਰੂ ਗ੍ਰੰਥ ਵਿੱਚ ਰਹੇਗੀ
ਅੰਗ-ਸੰਗ ਰਾਹੇ ਸ਼ਹੀਦ॥
ਜਦ ਕੋਈ ਸੁਰਤ ਸ਼ਬਦ ਵਿੱਚ
ਕਰੇ ਵਾਸ ਹਮੇਸ਼।
ਪੁਰੀ ਅਨੰਦ ਦੇ ਰੂਪ ਵਿੱਚ
ਦਰਸ਼ਨ ਦੇਂਣ ਦਸ਼ਮੇਸ਼॥
ਸਿੰਘ ਅੰਗੀਠਾ ਫੋਲਦੇ
ਮੁੱਖ ਜਪੁਜੀ ਉਚਰਾਨ।
ਦੇਹ ਅਕਾਲ ਦੀ ਮਿਲੀ ਨਿਸ਼ਾਨੀ
ਨਿੱਕੀ ਸ੍ਰੀ ਕਿਰਪਾਨ॥
ਨੀਲਾ ਅਤੇ ਬਾਜ ਗੁਰੂ ਦਾ
ਹੋ ਅਲੋਪ ਗਏ।
ਕਾਲ ਦੇ ਵਹਿਣ 'ਚ ਸੱਚੜੇ
ਸੰਗ ਦਸ਼ਮੇਸ਼ ਭਏ॥
ਗੁਰੂ ਨਾਨਕ ਦੇ ਫੁੱਲ ਨੇਂ
ਮਹਿਕਣ ਵਿੱਚ ਕਿਰਪਾਨ।
ਸੁਰਤ ਨਿਮਾਣੀ ਕੀਕਣ ਜਾਣੇ
ਭੇਤ ਅਕਾਲ - ਮਹਾਨ॥
ਸ਼ਬਦ 'ਚ ਗੁਰੂ ਸਮਾ ਗਏ
ਅਕਾਲ ਨਾਂ ਹੋਏ ਫਨਾਹ।
ਗੁਰਸਿੱਖ ਹਿਰਦੇ ਸਿਮਰਦੇ
ਗੁਰੂ ਦਿਖਾਇਉ ਲੋਇਨਾਂ॥
Sunday, November 19, 2017
Subscribe to:
Posts (Atom)