Sunday, August 17, 2008

ਦੇਸ-ਵਿਦੇਸ


ਸ਼ਾਮਾਂ ਨੇ ਪਈਆਂ, ਵਿੱਚ ਪਰਦੇਸ ਮਾਏਂ
ਦੂਰ ਦਿਸੇ ਬੱਦਲਾਂ ‘ਚੋ ਲੋਅ।
ਮੇਪਲ ਦੇ ਰੁੱਖਾਂ, ਦੇ ਕੂਲੇ-ਕੂਲੇ ਪੱਤਿਆਂ ‘ਚੋ
ਟਾਹਲੀਆਂ ਜਈ ਆਵੇ ਖੁਸ਼ਬੋ॥

ਲੰਮੇ-ਲੰਮੇ ਰਾਹਾਂ ਉੱਤੇ, ਲੰਮੀਆਂ ਨੇ ਸੋਚਾਂ ਪਈਆਂ
ਹੰਝ ਤੇਰੀ ਯਾਦ ਦਿੱਤਾ ਬੋਅ।
ਰਿਜਕਾਂ ਨੇ ਬੰਨਿਆ, ਹੜ ਦਰਿਆਵਾਂ ਦਾ
ਸੀਨੇ ਵਸਦੀ ਗਰਾਂ ਦੀ ਉੱਚੀ ਢੋਅ॥

ਨਦੀਆਂ ਤੇ ਦਰਿਆ, ਸਾਂਤ ਪਏ ਵਗਦੇ ਨੇਂ
ਯਾਦ ਆਵੇ ਗੂੰਜਾਂ ਪਾਉਦੇ ਚੋਅ।
ਰਿਜਕਾਂ ਨੇ ਖੋਹ ਲਿਆ, ਧਰ ਦਾ ਪਿਆਰ ਮਾਂਏ
ਬੰਨਿਆ ਅੰਝਾਣਿਆਂ ਦੇ ਮੋਹ॥

ਹਰੀਆਂ ਨੇ ਪੈਲੀਆਂ, ਕਚੂਰ ਥੀਂਣ ਰੁੱਖ ਇੱਥੇ
ਜਿਵੇ ਪਿੱਪਲਾਂ ਦਾ ਧਰ ਨਾਲ ਮੋਹ।
ਤਿੱਖੜੇ, ਨੂਕੀਲੇ,ਗਿਰਜੇ ਦੇ ਗੁੰਬਦਾਂ ਨੇ
ਮਾਹੀ ਵਾਲਾ ਬੀਜ ਦਿੱਤਾ ਬੋਅ॥

ਲਸ-ਲਸ ਮੱਕੀਆਂ ਦੇ, ਹਾਰ ਪਏ ਸੱਜਦੇ ਨੇਂ,
ਕਣਕਾਂ ਦੀ ਮਿੱਠੀ ਖੁਸ਼ਬੋ।
ਕਿਰਤਾਂ ਦਾ ਫੱਬਿਆ, ਧਰ ਤੇ ਸਿ਼ਗਾਰ ਮਾਏਂ
ਜਿਵੇ ਅੰਬਰਾਂ ‘ਚ ਤਾਰਿਆਂ ਦੀ ਲੋਅ॥

ਠੰਡੀਆਂ ਝੀਲਾਂ ਦੇ ਕੰਢੇ, ਪ੍ਰੀਤਾਂ ਦਾ ਮੇਲ ਸੱਜੇ
ਪਏ ਜਿਸਮਾਂ ਤੋਂ ਪਾਰ ਕਨਸੋਅ।
ਕੂਲੀਆਂ ਕੋ ਵੀਣੀਆਂ ਨੇ, ਉਡਦਿਆਂ ਬੱਦਲਾਂ ਨੂੰ
ਦਿਲਾਂ ਦੇ ਸੁਨੇਹੇ ਘੱਲੇ ਹੋ॥

ਕਾਲੇ-ਕਾਲੇ ਹਿਰਨਾਂ ਦੇ, ਚੁੰਗੀਆਂ ਦੀ ਧੂੜ ਉੱਡੇ
ਹਰੇ-ਹਰੇ ਰੁੱਖਾਂ ਉਹਲੇ ਹੋ।
ਕਿਧਰੇ ਚਰਾਂਦਾ ਵਿੱਚ, ਭੇਡਾਂ ਦੀਆਂ ਡਾਰਾਂ ਪਿੱਛੇ
ਉੱਚੇ, ਪਾਕਿ ਕਦਮਾਂ ਦੀ ਸੋਅ॥

ਕਲ-ਕਲ ਪਾਂਣੀ ਵੱਗੇ, ਕੋਲ ਚਿੱਟੇ ਹੰਸ ਚੁਗੇ
ਨਿੱਕੇ-ਨਿੱਕੇ ਫੁੱਲਾਂ ਥੱਲੇ ਹੋ।
ਮਹੀਵਾਲ ਸੁੱਧ ਖੋਈ, ਸੋਹਣੀ ਦੇ ਜਲਾਲ ਵਿੱਚ
ਮੱਛੀਆਂ ਦੀ ਚਾਪ ਸੁਣੇ ਹੋ॥

ਉਡਣ ਖਟੋਲੇ ਉੱਤੇ, ਰਾਹੀ ਜਾਵੇ ਉਡਿਆ
ਮਾਂਣਦਾ ਪੰਜਾਬੇ ਵਾਲੀ ਛੋਅ।
ਮਿੱਟੀ ਪਰਦੇਸ, ਝਲਕ ਕਿੱਕਰਾਂ ਦੇ ਦੇਸ ਦੀ
ਭਰ-ਭਰ ਛੱਲ ਆਵੇ ਹੋ॥

ਨੀਲਿਆਂ ਅਕਾਸ਼ਾਂ ਥੱਲੇ, ਗੀਤ ਕੋਈ ਛੇੜਦਾ
ਰੋਸ਼ਨੀ ਦਾ ਨਾਦ ਗਾਵੇ ਉਹ।
ਨਿੱਕੀ-ਨਿੱਕੀ ਬੂਟੜੀ ਤੋਂ ਵੱਡੇ-ਵੱਡੇ ਰੁੱਖਾਂ ਤੀਕ
ਸ਼ਬਦਾਂ ਦੀ ਸਾਂਝ ਪਾਵੇ ਹੋ॥

ਸ਼ਾਮਾਂ ਨੇ ਪਈਆਂ, ਘੁੱਗ ਵਸੇ ਦੇਸ ਮਾਏਂ
ਦੂਰ ਦਿਸੇ ਬੱਦਲਾਂ ਚੋ ਲੋਅ।
ਪੁਰੇ ਦੀ ਹਵਾ ਚੱਲੇ, ਨਿੱਕੇ-ਨਿੱਕੇ ਝੋਕਿਆਂ ਚੋਂ
ਨਿੰਮੀ-ਨਿੰਮੀ ਤੇਰੀ ਖੁਸ਼ਬੋ॥

14, ਅਗਸਤ 08