ਐਲਬੈਟਰੋਸ
ਸਾਗਰਾਂ ਦੀ ਹਿੱਕ ਤੇ ਉੱਚੀਆਂ ਲਹਿਰਾਂ ਉੱਠਦੀਆਂ
ਸ਼ੂਕਦੀਆਂ ਹਵਾਵਾਂ ਘੋਰ ਡੂਘੇ ਹੌਲ਼ ਪਾਉਦੀਆਂ
ਖੋਫਨਾਕ ਚੁੱਪ ਨੇ ਇਸਦੇ ਤਲ ਮੱਲੇ
ਕਿਤੇ ਸੀਤ ਬਰਫ਼ ਪਰਤਾਂ
ਖੁੰਖਾਰ ਲਹਿਰਾਂ ਨੂੰ ਨਿਗ਼ਲ ਜਾਂਦੀਆ ।
ਪਰ ਅਸੀ ...
ਹਵਾਂਵਾ ਦੇ ਹੌਸਲੇ ਤੋੜੇ
ਖੁੰਖਾਰ ਸਾਗਰਾਂ ਤੇ
ਆਪਣੀ ਹਿੱਕ ਨਾਲ ਨਿਸ਼ਾਨ ਵਾਹੇ।
ਬੇਜਾਨ ਜਹਾਜ਼ਾਂ ਦੇ ਪਤਵਾਰਾਂ ਨੂੰ ਵਾ ਦਿੱਤੀ
ਤਿੱਖੀਆਂ ਨਜ਼ਰਾਂ ਬਰਫਾਂ ਦੇ ਸੀਨੇ ਚੀਰ ਗਈਆਂ।
ਅਸੀ ਅੰਬਰਾਂ ਦੀਆਂ ਚੋਟੀਆਂ ਤੇਜਿੱਤ ਦੇ ਨਿਸ਼ਾਨ ਗੱਡੇ
ਪਲਾਂ ਛਿਣਾਂ ਵਿੱਚ ਧਰਤੀਆਂ ਗਾਹ ਮਾਰੀਆਂ
ਸੂਰਜ ਨਾਲ ਅੱਖਾਂ ਚਾਰ ਕੀਤੀਆਂ
ਸਾਡਾ ਅੰਬਰਾਂ ਤੇ ਰਾਜ ਹੋਇਆ।
ਚੋਹਾਂ ਕੂਟਾਂ ਚੋ ਸਾਡੇ ਨਾਂ ਗੂੰਜੇ
ਦੇਵਾਂ ਫੁੱਲ ਬਰਸਾਏ
ਅਸਾਂ ਅਮਰਤਾ ਦੇ ਜਾਂਮ ਪੀਤੇ।
ਪਰ ਸਾਨੂੰ ਰੱਜ ਨਾਂ
ਗੋਬਿੰਦ ਦੀ ਨਜ਼ਰ ਬਿਨਾਂ ਅਸੀ ਸੱਖਣੇ
ਸਾਨੂੰ ਧਰਤ ਤੇ ਟੁਰਨਾਂ ਭੁੱਲਿਆ
ਜਿੱਥੇ ਨਾਨਕ ਮੱਝੀਆਂ ਪਿੱਛੇ ਟੁਰਿਆ
ਜੋ ਨੀਲੇ ਦੇ ਸੁੰਮਾਂ ਨਾਲ ਨਿਹਾਲ ਹੋਈ
ਜਿੱਥੇ ਗੋਬਿੰਦ ਦੇ ਬਾਜ ਦੇ ਅਕਸ ਨੇ
ਇਸਦੇ ਜ਼ੱਰੇ-ਜ਼ੱਰੇ ਚ
ਝਰਨਾਹਟਾਂ ਛੇੜੀਆਂ
ਗੋਬਿੰਦ ਦੀ ਨਜ਼ਰ ਬਿਨਾਂ ਅਸੀ ਸੱਖਣੇਂ
ਅਸੀ ਪੰਜਾਬ ਦੀਆਂ ਚਿੜੀਆਂ ਥੀਂ ਬੌਣੇ।
ਅਸਾਂ ਨੀਲੇ ਦੇ ਟਾਪਾਂ ਦੀ
ਸੰਗੀਤਮਈ ਲੈਅ ਨਾਂਲ ਉਡਣਾਂ ਲੋਚਿਆ।
ਪੈਗ਼ਬਰ ਦੇ ਹੱਥਾਂ ਦੀ ਛੂਹ ਦੀ ਕਾਮਨਾਂ ਕੀਤੀ।
ਅਸਾਂ ਧਰਤ ਵੱਲ ਪਰਤਾਂਗੇ
ਸੁਭਾਗੀ ਧਰਤ ਵੱਲ
ਜਿੱਥੇ ਬਲ ਸ਼ੋਭਾ ਬਣਦਾ ਹੈ
ਸਰੀਰ ਪਵਿੱਤਰ ਹੁੰਦੇ ਨੇ
ਆਸਾਂ ਪੂਰੀਆਂ ਹੁੰਦੀਆਂ ਨੇ॥
ਬਲਬੀਰ ਸਿੰਘ ਅਟਵਾਲ 12 ਦਿਸੰਬਰ 2007